ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 26 ਨਵੰਬਰ
ਇਤਿਹਾਸਕ ਕਸਬਾ ਗੋਇੰਦਵਾਲ ਸਾਹਿਬ ਦੇ ਐਲੀਮੈਂਟਰੀ ਸਕੂਲ ’ਚ ਪੜ੍ਹਦੇ 450 ਦੇ ਕਰੀਬ ਬੱਚਿਆਂ ਦਾ ਭਵਿੱਖ ਦਾਅ ’ਤੇ ਲੱਗਿਆ ਦਿਖਾਈ ਦੇ ਰਿਹਾ ਹੈ, ਜਿੱਥੇ ਅੱਠ ਵਿੱਚੋਂ ਸੱਤ ਖਾਲੀ ਅਸਾਮੀਆਂ ਦੇ ਵਿਸ਼ੇ ਪੜ੍ਹਾਉਣ ਦਾ ਬੋਝ ਸਿਰਫ਼ ਇੱਕ ਅਧਿਆਪਕਾ ਦੇ ਮੋਢਿਆਂ ’ਤੇ ਹੈ, ਉੱਥੇ ਹੀ ਸਿੱਖਿਆ ਵਿਭਾਗ ਦੀਆ ਬਾਕੀ ਸਹੂਲਤਾਂ ਵੀ ਨਾਂਹ ਦੇ ਬਰਾਬਰ ਹਨ। ਇੱਥੇ ਆਲਮ ਇਹ ਹੈ ਕਿ ਅੱਧੇ-ਅਧੂਰੇ ਗਿਆਨ ਨੂੰ ਲੈ ਕਿ ਬੱਚਿਆਂ ਦਾ ਸੁਨਿਹਰੀ ਭਵਿੱਖ ਦਾ ਸੁਪਨਾ ਕਦਾਚਿਤ ਪੂਰਾ ਨਹੀਂ ਹੋ ਸਕਦਾ ਜਿਸ ਕਰਕੇ ਮਾਪਿਆ ’ਚ ਚਿੰਤਾ ਪਾਈ ਜਾ ਰਹੀ ਹੈ।
ਵੱਡੀ ਗਿਣਤੀ ਅਨਸੂਚਿਤ ਜਾਤੀ ਨਾਲ ਸਬੰਧਤ ਪੜ੍ਹਨ ਆਉਂਦੇ ਬੱਚੇ ਕੇਵਲ ਖਾਣੇ ਨਾਲ ਆਪਣਾ ਢਿੱਡ ਭਰ ਕੇ ਘਰ ਵਾਪਸ ਚਲੇ ਜਾਂਦੇ ਹਨ। ਇੱਥੇ ਹੀ ਬਸ ਨਹੀਂ ਮੌਜੂਦ ਅਧਿਆਪਕਾ ਦੀ ਤਬੀਅਤ ਨਾਸਾਜ਼ ਹੋਣ ਵਾਲੇ ਦਿਨ ਗੇਟ ਨੂੰ ਜੜਿਆ ਤਾਲਾ ਪੰਜਾਬ ਸਰਕਾਰ ਦੇ ਮਿਆਰੀ ਸਿੱਖਿਆ ਦੇਣ ਦੇ ਦਾਅਵਿਆ ਦੀ ਸੱਚਾਈ ਪੇਸ਼ ਕਰਦਾ ਦਿਖਾਈ ਦਿੰਦਾ ਹੈ। ਇਸ ਸਬੰਧੀ ਵਿਦਿਆਰਥੀਆਂ ਦੇ ਮਾਪਿਆਂ ਗੁਰਸਾਹਿਬ ਸਿੰਘ, ਸੁਖਦੇਵ ਸਿੰਘ, ਕੰਵਲਜੀਤ ਕੌਰ, ਜਸਪ੍ਰੀਤ ਕੌਰ ਆਦਿ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਪਾਸੋਂ ਖਾਲੀ ਅਸਾਮੀਆ ਭਰਨ ਦੀ ਮੰਗ ਕਰਦਿਆਂ ਆਖਿਆ ਕਿ ਉਹ ਆਪਣੇ ਮਾਣੇ ਹਾਲਾਤਾਂ ਕਾਰਨ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਵਿੱਚ ਦਾਖ਼ਲ ਨਹੀਂ ਕਰਵਾ ਸਕਦੇ।
ਉਨ੍ਹਾਂ ਕਿਹਾ ਕਿ ਬੱਚਿਆਂ ਦੇ ਭਵਿੱਖ ਨੂੰ ਰੁਸ਼ਨਾਉਣ ਲਈ ਸਕੂਲ ਵਿੱਚ ਅਧਿਆਪਕਾਂ ਦੀਆਂ ਸਾਰੀਆਂ ਸੀਟਾਂ ’ਤੇ ਹਾਜ਼ਰੀ ਯਕੀਨੀ ਬਣਾਉਣ ਦੇ ਨਾਲ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
ਐਲੀਮੈਂਟਰੀ ਸਿੱਖਿਆ ਅਧਿਕਾਰੀ ਤੋਂ ਰਿਪੋਰਟ ਲਵਾਂਗੇ: ਡੀਸੀ
ਇਸ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਧੂਰੀ ਨੇ ਕਿਹਾ ਗੋਇੰਦਵਾਲ ਸਾਹਿਬ ਦੇ ਐਲੀਮੈਂਟਰੀ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਜਲਦ ਪੂਰੀ ਕਰਨ ਦੇ ਨਾਲ ਜ਼ਿਲ੍ਹਾ ਐਲੀਮੈਂਟਰੀ ਅਫਸਰ ਕੋਲੋਂ ਅਧਿਆਪਕਾਂ ਦੀ ਘਾਟ ਸਬੰਧੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਾਣਕਾਰੀ ਨਾ ਦੇਣ ਸਬੰਧੀ ਲਿਖਤੀ ਰਿਪੋਰਟ ਲਈ ਜਾਵੇਗੀ। ਜਦਕਿ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਾਜੇਸ਼ ਕੁਮਾਰ ਸ਼ਰਮਾ ਨੇ ਆਖਿਆ ਕਿ ਠੇਕਾ ਨਿਰਧਾਰਿਤ ਅਧਿਆਪਕਾਂ ਦੀ ਹੜਤਾਲ ਕਾਰਨ ਸਕੂਲ ਵਿੱਚ ਤਾਇਨਾਤ ਪੰਜ ਅਧਿਆਪਕ ਗੈਰ-ਹਾਜ਼ਰ ਹਨ। ਉਨ੍ਹਾਂ ਕਿਹਾ ਕਿ ਗੋਇੰਦਵਾਲ ਸਾਹਿਬ ਦੇ ਐਲੀਮੈਂਟਰੀ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਦੂਰ ਕਰਨ ਸਬੰਧੀ ਸਿੱਖਿਆ ਵਿਭਾਗ ਵੱਲੋਂ ਕੋਸ਼ਿਸ਼ ਜਾਰੀ ਹਨ।ਜਲਦੀ ਹੀ ਮਾਮਲੇ ਨੂੰ ਨਜਿੱਠ ਲਿਆ ਜਾਵੇਗਾ।