ਨਰਿੰਦਰ ਸਿੰਘ
ਭਿੱਖੀਵਿੰਡ, 12 ਅਕਤੂਬਰ
ਇੱਥੇ ਅੱਜ ਦੇਰ ਸ਼ਾਮ ਪਲਾਟਾਂ ਨੂੰ ਜਾਂਦੀ ਗਲੀ ਨੂੰ ਲੈ ਕੇ ਦੋ ਧਿਰਾਂ ਵਿਚ ਟਕਰਾਅ ਹੋ ਗਿਆ ਅਤੇ ਪੈਟਰੋਲ ਪੰਪ ਮਾਲਕ ਨਾਲ ਹੋਏ ਤਕਰਾਰ ਦੌਰਾਨ ਪੁਲੀਸ ਦੀ ਹਾਜ਼ਰੀ ਵਿੱਚ ਦੂਜੀ ਧਿਰ ਵੱਲੋਂ ਗੋਲੀ ਚਲਾਈ ਗਈ। ਇਸ ਦੌਰਾਨ ਪੈਟਰੋਲ ਪੰਪ ਮਾਲਕ ਦੇ ਪੁੱਤਰ ਦੀ ਮੌਤ ਹੋ ਗਈ। ਇੱਥੋਂ ਦੇ ਸਤਿੰਦਰ ਪਾਸੀ ਖੇਮਕਰਨ ਰੋਡ ਸਥਿਤ ਪੈਟਰੋਲ ਪੰਪ ਦੇ ਨੇੜੇ ਕਲੋਨੀ ਕੱਟ ਰਹੇ ਹਨ।
ਨੇੜੇ ਗਲੀ ਦੇ ਅਧਿਕਾਰ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਵਿਵਾਦ ਚੱਲ ਰਿਹਾ ਸੀ। ਇਸ ਸਬੰਧੀ ਪੈਟਰੋਲ ਪੰਪ ਮਾਲਕ ਪਰਮਜੀਤ ਸ਼ਰਮਾ ਵਾਸੀ ਖਾਲੜਾ ਵੱਲੋਂ ਆਪਣੇ ਹੱਕ ਵਿੱਚ ਸਟੇਅ ਲਿਆਂਦਾ ਗਿਆ ਸੀ। ਇਸ ਦੇ ਬਾਵਜੂਦ ਸਤਿੰਦਰ ਪਾਸੀ ਧਿਰ ਦੇ ਕੁਝ ਵਿਅਕਤੀਆਂ ਨੇ ਦੇਰ ਸ਼ਾਮ ਸਟੇਅ ਵਾਲੀ ਥਾਂ ’ਤੇ ਕੰਧ ਕਰਨੀ ਸ਼ੁਰੂ ਕਰ ਦਿੱਤੀ। ਇਸ ਨੂੰ ਰੋਕਣ ਲਈ ਪਰਮਜੀਤ ਸ਼ਰਮਾ ਨੇ ਥਾਣਾ ਭਿੱਖੀਵਿੰਡ ਦੀ ਪੁਲੀਸ ਨੂੰ ਸੂਚਿਤ ਕੀਤਾ ਤੇ ਏਐੱਸਆਈ ਸੁਰਿੰਦਰ ਕੁਮਾਰ ਮੌਕੇ ’ਤੇ ਪਹੁੰਚੇ । ਜਿਨ੍ਹਾਂ ਨੇ ਪਾਸੀ ਧਿਰ ਨੂੰ ਕੰਧ ਕਰਨ ਤੋਂ ਰੋਕਿਆ ਅਤੇ ਇਸ ਦੌਰਾਨ ਦੋਵਾਂ ਧਿਰਾਂ ਵਿੱਚ ਆਪਸ ਵਿੱਚ ਉਲਝ ਪਈਆਂ। ਧੱਕਾਮੁੱਕੀ ਵਿੱਚ ਪਾਸੀ ਧਿਰ ਦੇ ਕਿਸੇ ਵਿਅਕਤੀ ਨੇ ਪਰਮਜੀਤ ਸ਼ਰਮਾ ਦੇ ਨੌਜਵਾਨ ਪੁੱਤਰ ਮਨਦੀਪ ਸ਼ਰਮਾ ਉਰਫ ਮੰਨੂ ਸ਼ਰਮਾ ਦੇ ਢਿੱਡ ਵਿੱਚ ਗੋਲੀ ਮਾਰ ਦਿੱਤੀ। ਉਸ ਨੂੰ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦਾ ਸਸਕਾਰ ਪਿੰਡ ਖਾਲੜਾ ਵਿਚ ਕੀਤਾ ਗਿਆ। ਡੀਐੱਸਪੀ ਭਿੱਖੀਵਿੰਡ ਰਾਜਬੀਰ ਸਿੰਘ ਨੇ ਕਿਹਾ ਕਿ ਕਾਰਵਾਈ ਕੀਤੀ ਜਾ ਰਹੀ ਹੈ।