ਤਰਨ ਤਾਰਨ (ਪੱਤਰ ਪ੍ਰੇਰਕ): ਸੋਮਵਾਰ ਸ਼ਾਮ ਵੇਲੇ ਹਰੀਕੇ-ਪੱਟੀ ਸੜਕ ਤੇ ਕਿਰਤੋਵਾਲ ਖੁਰਦ ਨੇੜੇ ਤੇਜ਼ ਰਫ਼ਤਾਰ ਵਾਹਨ ਚਾਲਕ ਸਾਈਕਲ ਚਾਲਕ ਨੂੰ ਕੁਚਲ ਗਿਆ| ਮ੍ਰਿਤਕ ਦੀ ਸ਼ਨਾਖ਼ਤ ਪਰਮਜੀਤ ਸਿੰਘ (40) ਵਾਸੀ ਕਿਰਤੋਵਾਲ ਕਲਾਂ ਦੇ ਤੌਰ ’ਤੇ ਕੀਤੀ ਗਈ ਹੈ| ਉਹ ਪਿੰਡ ਦੇ ਇਕ ਕਿਸਾਨ ਨਾਲ ਖੇਤ ਮਜ਼ਦੂਰ ਦੇ ਤੌਰ ’ਤੇ ਕੰਮ ਕਰਦਾ ਸੀ| ਉਹ ਸ਼ਾਮ ਵੇਲੇ ਆਪਣੇ ਸਾਈਕਲ ’ਤੇ ਪਿੰਡ ਦੇ ਬੱਸ ਅੱਡੇ ਨੂੰ ਆ ਰਿਹਾ ਸੀ ਕਿ ਉਸ ਨੂੰ ਤੇਜ਼ ਰਫ਼ਤਾਰ ਵਾਹਨ ਨੇ ਕੁਚਲ ਦਿੱਤਾ| ਪਰਮਜੀਤ ਦੇ ਨਾਲ ਖੜ੍ਹੇ ਉਸ ਦੇ ਸਾਥੀ ਸੁਖਦੇਵ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਮੌਕੇ ’ਤੇ ਹੀ ਦਮ ਤੋੜ ਗਿਆ| ਮ੍ਰਿਤਕ ਦੇ ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਦੋ ਲੜਕੇ ਤੇ ਦੋ ਲੜਕੀਆਂ ਹਨ| ਉਸ ਨੇ ਆਪਣੀ ਵੱਡੀ ਲੜਕੀ ਦਾ ਅਜੇ ਕੁਝ ਚਿਰ ਪਹਿਲਾਂ ਹੀ ਵਿਆਹ ਕੀਤਾ ਸੀ| ਹਰੀਕੇ ਪੁਲੀਸ ਦੇ ਅਧਿਕਾਰੀ ਏਐੱਸਆਈ ਪਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ| ਪੁਲੀਸ ਅਜੇ ਤੱਕ ਹਾਦਸੇ ਲਈ ਕਸੂਰਵਾਰ ਵਾਹਨ ਬਾਰੇ ਜਾਣਕਾਰੀ ਇਕੱਤਰ ਨਹੀਂ ਕਰ ਸਕੀ|
ਟਰੱਕ ਅਤੇ ਟਰੈਕਟਰ-ਟਰਾਲੀ ਦੀ ਆਹਮੋ-ਸਾਹਮਣੀ ਟੱਕਰ
ਪਠਾਨਕੋਟ (ਪੱਤਰ ਪ੍ਰੇਰਕ): ਇੱਥੇ ਦੀਨਾਨਗਰ-ਨਰੋਟ ਜੈਮਲ ਸਿੰਘ ਮੁੱਖ ਮਾਰਗ ’ਤੇ ਸਥਿਤ ਖਾਲ ਪੁਲ ਕੋਲ ਲੋਟਸ ਇੰਟਰਨੈਸ਼ਨਲ ਸਕੂਲ ਅੱਗੇ ਦੇਰ ਰਾਤ ਅਚਾਨਕ ਇੱਕ ਟਰੱਕ ਨੂੰ ਟਰੈਕਟਰ-ਟਰਾਲੀ ਨੇ ਸਾਹਮਣੇ ਤੋਂ ਟੱਕਰ ਮਾਰ ਦਿੱਤੀ। ਇਸ ਨਾਲ ਟਰੱਕ ਵਿੱਚ ਬੈਠੇ ਡਰਾਈਵਰ ਨੂੰ ਸੱਟਾਂ ਵੱਜੀਆਂ। ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਹੋਏ ਟਰੱਕ ਦੇ ਡਰਾਈਵਰ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸਾਧੂਕਲਾਂ ਜ਼ਿਲ੍ਹਾ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਦੇਰ ਰਾਤ ਕਰੀਬ 11.30 ਵਜੇ ਆਪਣਾ ਟਰੱਕ ਲੈ ਕੇ ਸਟੋਨ ਕਰੱਸ਼ਰ ’ਤੇ ਜਾ ਰਿਹਾ ਸੀ ਕਿ ਅਚਾਨਕ ਸਾਹਮਣੇ ਤੋਂ ਰੇਤ ਨਾਲ ਭਰੀ ਓਵਰਲੋਡਿਡ ਟਰਾਲੀ ਪੁਲ ’ਤੇ ਚੜ੍ਹਦੇ ਸਮੇਂ ਬੇਕਾਬੂ ਹੋ ਗਈ ਅਤੇ ਉਸ ਦੇ ਟਰੱਕ ਵਿੱਚ ਆ ਵੱਜੀ। ਇਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸਾ ਵਾਪਰਦੇ ਸਾਰ ਮੌਕੇ ਤੋਂ ਫ਼ਰਾਰ ਹੋ ਗਿਆ।