ਪੱਤਰ ਪ੍ਰੇਰਕ
ਤਰਨ ਤਾਰਨ, 14 ਅਕਤੂਬਰ
ਇਲਾਕੇ ਦੇ ਪਿੰਡ ਠਰੂ ਵਿੱਚ ਪੰਜਾਬ ਸਰਕਾਰ ਵੱਲੋਂ ‘ਸਰਕਾਰੀ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ’ ਦਾ ਤਰਨ ਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਕੱਲ੍ਹ ਅਚਨਚੇਤੀ ਦੌਰਾ ਕੀਤਾ ਗਿਆ। ਇਸ ਦੌਰਾਨ ਪਾਈਆਂ ਖਾਮੀਆਂ ਬਾਰੇ ਅੱਜ ਇੱਥੇ ਗੱਲਬਾਤ ਕਰਦਿਆਂ ਇਸ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜ਼ਿੰਮੇਵਾਰ ਦੱਸਿਆ। ਵਿਧਾਇਕ ਡਾ. ਸੋਹਲ ਨੇ ਕਿਹਾ ਕਿ ਉਹ ਇਸ ਸੈਂਟਰ ਦੀ ਇੰਨੀ ਮਾੜੀ ਹਾਲਤ ਦੇਖ ਕੇ ਹੈਰਾਨ ਹੋਏ ਹਨ। ਉਨ੍ਹਾਂ ਕਿਹਾ ਕਿ ਸੈਂਟਰ ਵਿੱਚ ਸਾਫ਼-ਸਫ਼ਾਈ ਦੀ ਹਾਲਤ ਵੀ ਕਾਫ਼ੀ ਖਸਤਾ ਸੀ। ਬੰਦ ਪਏ ਪਖਾਨਿਆਂ ਵਿੱਚ ਕਬੂਤਰਾਂ ਤੇ ਪੰਛੀਆਂ ਨੇ ਆਲਣੇ ਬਣਾਏ ਹੋਏ ਹਨ। ਵਿਧਾਇਕ ਨੇ ਮੌਕੇ ’ਤੇ ਪੁੱਜੇ ਸਿਵਲ ਸਰਜਨ ਗੁਰਪ੍ਰੀਤ ਸਿੰਘ ਰਾਏ ਅਤੇ ਐੱਸਐੱਮਓ ਸਣੇ ਕਈ ਅਧਿਕਾਰੀਆਂ ਨੂੰ ਸੈਂਟਰ ਦੀ ਖਸਤਾ ਹਾਲਤ ਦਾ ਜ਼ਿੰਮੇਵਾਰ ਠਹਿਰਾਉਦਿਆਂ ਇਸ ਵਿੱਚ ਸੁਧਾਰ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਵਿਭਾਗ ਦੇ ਮੰਤਰੀ ਦੇ ਧਿਆਨ ਵਿੱਚ ਲਿਆਉਣਗੇ ਅਤੇ ਕਸੂਰਵਾਰਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ|
ਦੂਜੇ ਪਾਸੇ, ਇਸ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਵਿੱਚ ਇਕ ਵੀ ਮਨੋਰੋਗਾਂ ਦਾ ਮਾਹਿਰ ਡਾਕਟਰ ਨਹੀਂ ਹੈ| ਪੁਰਸ਼ ਸਟਾਫ਼ ਨਰਸ ਦੀਆਂ ਤਿੰਨ ਅਸਾਮੀਆਂ ਹੀ ਭਰੀਆਂ ਹੋਈਆਂ ਹਨ। ਇਸ ਤੋਂ ਇਲਾਵਾ ਇੱਥੇ ਹਰ ਤਰ੍ਹਾਂ ਦੇ ਸਟਾਫ ਦੀ ਵੱਡੀ ਘਾਟ ਹੈ। ਮਰੀਜ਼ਾਂ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ ਵੇਲੇ ਮੁਸ਼ਕਲ ਆਉਣ ’ਤੇ ਡਾਕਟਰੀ ਸਹਾਇਤਾ ਨਹੀਂ ਮਿਲਦੀ| ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਵਿਧਾਇਕ ਵੱਲੋਂ ਭੇਜੀ ਰਿਪੋਰਟ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ|