ਹਰਜੀਤ ਸਿੰਘ ਪਰਮਾਰ
ਬਟਾਲਾ, 12 ਜੂਨ
ਨੇੜਲੇ ਪਿੰਡ ਭੰਬੋਈ ਵਿੱਚ ਤੇਜ਼ ਹਨੇਰੀ ਕਾਰਨ ਡਿੱਗੇ ਰੁੱਖ ਹੇਠਾਂ ਆਉਣ ਕਾਰਨ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਭਜਨ ਸਿੰਘ (55) ਪੁੱਤਰ ਦਰਸ਼ਨ ਸਿੰਘ ਵਜੋਂ ਹੋਈ ਹੈ। ਘਟਨਾ ਲੰਘੀ ਦੇਰ ਰਾਤ ਦੀ ਹੈ ਜਦੋਂ ਕਿਸਾਨ ਆਪਣੇ ਘਰ ਦੇ ਵਿਹੜੇ ਵਿੱਚ ਸੁੱਤਾ ਹੋਇਆ ਸੀ। ਉਹ ਝੋਨੇ ਦੀ ਬਿਜਾਈ ਲਈ ਖੇਤ ਤਿਆਰ ਕਰਕੇ ਦੇਰ ਰਾਤ ਘਰ ਆਇਆ ਅਤੇ ਖਾਣਾ ਖਾ ਕੇ ਘਰ ਦੇ ਵਿਹੜੇ ਵਿੱਚ ਹੀ ਟਾਹਲੀ ਦੇ ਰੁੱਖ ਹੇਠਾਂ ਸੌਂ ਗਿਆ। ਦੇਰ ਰਾਤ ਆਈ ਤੇਜ਼ ਹਨੇਰੀ ਕਾਰਨ ਰੁੱਖ ਦਾ ਵੱਡਾ ਹਿੱਸਾ ਉਸ ਦੇ ਉੱਪਰ ਆ ਡਿੱਗਾ ਅਤੇ ਉਸ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਗੱਡੀ ਵਿੱਚ ਪਾ ਕੇ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਹਨੇਰੀ ਕਾਰਨ ਰਸਤੇ ਵਿੱਚ ਵੀ ਰੁੱਖ ਡਿੱਗੇ ਹੋਣ ਕਾਰਨ ਕਾਫੀ ਦੇਰ ਹੋ ਗਈ ਅਤੇ ਜਦੋਂ ਉਹ ਪੰਜਗਰਾਈਆਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚੇ ਤਾਂ ਉੱਥੋਂ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਡੇਰਾ ਬਾਬਾ ਨਾਨਕ (ਦਲਬੀਰ ਸੱਖੋਵਾਲੀਆ): ਲੰਘੀ ਦੇਰ ਰਾਤ ਆਏ ਭਾਰੀ ਤੂਫ਼ਾਨ ਕਾਰਨ ਪੋਲਟਰੀ ਫਾਰਮ ਦਾ ਸ਼ੈਡ ਡਿੱਗਣ ਕਾਰਨ ਮੁੰਡੇ ਦੀ ਮੌਤ ਹੋ ਗਈ ਅਤੇ ਉਸ ਦੇ ਪਰਿਵਾਰ ਦੇ ਪੰਜ ਜੀਅ ਜ਼ਖ਼ਮੀ ਹੋ ਗਏ। ਗੰਭੀਰ ਜ਼ਖ਼ਮੀਆਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਪਰਿਵਾਰ ਪਿੰਡ ਸੈਦਾ ਭਿੱਡੀਆਂ ਤੋਂ ਪਿੰਡ ਰਹੀਮਾਬਾਦ ਝੋਨਾ ਲਗਾਉਣ ਲਈ ਆਏ ਸਨ। ਭਾਰੀ ਤੂਫ਼ਾਨ ਕਾਰਨ ਪੋਲਟਰੀ ਫਾਰਮ ’ਤੇ ਹੀ ਸੌਂ ਗਏ। ਇਸੇ ਦੌਰਾਨ ਪਰਿਵਾਰ ’ਤੇ ਸ਼ੈੱਡ ਡਿੱਗ ਪਿਆ। ਮ੍ਰਿਤਕ ਦੀ ਪਹਿਚਾਣ ਪਵਨ (14) ਵਜੋਂ ਹੋਈ ਜਦੋਂ ਕਿ ਇਸ ਘਟਨਾ ਵਿੱਚ ਪਵਨ ਦਾ ਪਿਤਾ ਕਰਮਾ, ਭਰਾ ਜੋਬਨ, ਉਸ ਦੀ ਪਤਨੀ ਜੋਤੀ ਅਤੇ ਇਨ੍ਹਾਂ ਦਾ ਤਿੰਨ ਮਹੀਨਿਆਂ ਦੇ ਬੇਟਾ ਪਰਮਪ੍ਰੀਤ ਜ਼ਖ਼ਮੀ ਹੋ ਗਿਆ। ਪਵਨ ਨੂੰ ਕਲਾਨੌਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ,ਜਿੱਥੇ ਡਾਕਟਰਾਂ ਦੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸੇ ਤਰ੍ਹਾਂ ਗ੍ਰਭੀਰ ਜ਼ਖ਼ਮੀਆਂ ਨੂੰ ਪਹਿਲਾ ਗੁਰਦਾਸਪੁਰ ਅਤੇ ਫਿਰ ਅੰਮਿ੍ਰਤਸਰ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਤੂਫਾਨ ਕਾਰਨ ਬਟਾਲਾ, ਡੇਰਾ ਬਾਬਾ ਨਾਨਕ, ਕਾਦੀਆਂ, ਫਤਹਿਗੜ੍ਹ ਚੂੜੀਆਂ, ਘੁਮਾਣ, ਸ਼੍ਰੀਹਰਗੋਬਿੰਦਪੁਰ ਵਿੱਚ ਬਿਜਲੀ ਦੇ ਸੈਂਕੜੇ ਖੰਭੇ ਤੇ ਰੁੱਖ ਜਿੱਥੇ ਡਿੱਗ ਗਏ,ਉੱਥੇ ਕਈ ਇਮਾਰਤਾਂ ਅਤੇ ਕੰਧਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਭੁਲੱਥ (ਦਲੇਰ ਸਿੰਘ ਚੀਮਾ): ਪਿਛਲੇ ਦੋ ਦਿਨਾਂ ਤੋਂ ਆ ਰਹੀ ਹਨ੍ਹੇਰੀ ਨੇ ਬਿਜਲੀ ਦੇ ਖੰਭਿਆਂ ਤੇ ਟਾਵਰਾਂ ਦਾ ਵੱਡਾ ਨੁਕਸਾਨ ਕੀਤਾ ਹੈ। ਬਿਜਲੀ ਸਪਲਾਈ ਠੱਪ ਹੋਣ ਦੇ ਬਾਵਜੂਦ ਕਿਸਾਨਾਂ ਨੇ ਆਪਣੇ ਦੂਜੇ ਸਾਧਨਾਂ ਦੀ ਵਰਤੋਂ ਨਾਲ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਵੱਖ-ਵੱਖ ਪਿੰਡਾਂ ਵਿੱਚ ਜਦੋਂ ਦੇਖਿਆ ਗਿਆ ਕਿ ਥਾਂ-ਥਾਂ ’ਤੇ ਖੰਭਿਆਂ/ਟਾਵਰਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ ਅਤੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਮੁਰੰਮਤ ਕੀਤੀ ਜਾ ਰਹੀ ਹੈ। ਹਲਕੇ ਦੇ ਪਿੰਡਾਂ ਵਿੱਚ ਬਿਜਲੀ ਦੀ ਸਪਲਾਈ ਬੰਦ ਹੋਣ ਕਾਰਨ ਪਾਣੀ ਦੀ ਘਾਟ ਅਤੇ ਇਨਵਰਟਰਾਂ ਦੇ ਕੰਮ ਨਾ ਕਰਨ ਕਰਕੇ ਗਰਮੀ ਕਾਰਨ ਲੋਕ ਬੇਹਾਲ ਹੋਏ ਪਏ ਹਨ।
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਇੱਥੇ ਰਾਤ ਸਮੇਂ ਚੱਲੇ ਝੱਖੜ ਕਾਰਨ ਵੱਡੀ ਗਿਣਤੀ ਵਿੱਚ ਦਰੱਖਤ ਅਤੇ ਬਿਜਲੀ ਦੇ ਖੰਭੇ ਪੁੱਟੇ ਗਏ। ਇਸ ਸਬੰਧੀ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਲੋਕਾਂ ਅਤੇ ਐੱਸਡੀਓ ਅਮਰਦੀਪ ਸਿੰਘ ਨਾਗਰਾ ਨੇ ਦੱਸਿਆ ਕਿ ਬੀਤੀ ਰਾਤ ਚੱਲੇ ਤੇਜ਼ ਝੱਖੜ ਅਤੇ ਹਨੇਰੀ ਕਾਰਨ ਇਲਾਕੇ ਵਿੱਚ ਵੱਡੀ ਪੱਧਰ ਉੱਤੇ ਬਿਜਲੀ ਸਪਲਾਈ ਮੁਕੰਮਲ ਤੌਰ ਤੇ ਠੱਪ ਹੋ ਗਈ ਹੈ। ਪਾਵਰਕੌਮ ਦੇ ਹੋਏ ਨੁਕਸਾਨ ਸਬੰਧੀ ਐੱਸਡੀਓ ਨਾਗਰਾ ਨੇ ਦੱਸਿਆ ਕਿ 66 ਕੇਵੀ ਦੇ ਵੱਡੇ ਟਾਵਰ ਅਤੇ 10 ਟਰਾਂਸਫਾਰਮਰਾਂ ਸਮੇਤ ਕਰੀਬ 80-90 ਬਿਜਲੀ ਦੇ ਖੰਭੇ ਨੁਕਸਾਨੇ ਗਏ ਹਨ। ਇਸ ਤੋਂ ਇਲਾਵਾ ਸੈਂਕੜੇ ਥਾਵਾਂ ’ਤੇ ਦਰੱਖਤ ਉੱਖੜ ਕੇ ਜਾਂ ਅੱਧ ਵਿਚਾਲਿਓਂ ਟੁੱਟ ਕੇ ਬਿਜਲੀ ਦੀਆਂ ਤਾਰਾਂ ਉੱਤੇ ਡਿੱਗ ਗਏ। ਇਸ ਨਾਲ ਵੱਡੀ ਪੱਧਰ ਉੱਤੇ ਨੁਕਸਾਨ ਹੋਇਆ ਹੈ। ਸ੍ਰੀ ਨਾਗਰਾ ਨੇ ਕਿਹਾ ਕਿ ਉਨ੍ਹਾਂ ਦੀ ਸਬ ਡਵੀਜ਼ਨ ਅਧੀਨ ਪਾਵਰਕੌਮ ਦਾ ਲੱਖ ਰੁਪਏ ਦਾ ਮਾਲੀ ਨੁਕਸਾਨ ਹੋ ਚੁੱਕਾ ਹੈ। ਜਿਸ ਕਾਰਨ ਬਿਜਲੀ ਸਪਲਾਈ ਨੂੰ ਮੁੜ ਬਹਾਲ ਕਰਨ ਲਈ ਜੱਦੋ-ਜਹਿਦ ਆਰੰਭ ਦਿੱਤੀ ਗਈ ਹੈ।
ਸ਼ੈੱਡ ਡਿੱਗਣ ਕਾਰਨ ਦੋ ਪਸ਼ੂਆਂ ਦੀ ਮੌਤ; ਹੋਰ ਜ਼ਖ਼ਮੀ
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਸ਼ੁੱਕਰਵਾਰ ਦੀ ਲੰਘੀ ਦੇਰ ਰਾਤ ਆਏ ਝੱਖੜ ਨਾਲ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗ ਗਏ ਗਏ। ਇਸ ਕਾਰਨ ਇਲਾਕਾ ਧਾਰੀਵਾਲ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਇੱਥੋਂ ਨੇੜਲੇ ਪਿੰਡ ਜ਼ਫਰਵਾਲ ਦੇ ਕਿਸਾਨ ਦਾ ਪਸ਼ੂਆਂ ਵਾਲਾ ਸ਼ੈੱਡ ਡਿੱਗ ਜਾਣ ਕਾਰਨ ਦੋ ਪਸ਼ੂ ਮਰ ਗਏ ਅਤੇ ਕੁਝ ਨੂੰ ਸੱਟਾਂ ਲੱਗ ਗਈਆਂ ਹਨ। ਪੀੜਤ ਕਿਸਾਨ ਰਾਜਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਜ਼ਫਰਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਦੇ ਬਾਹਰਵਾਰ ਖੇਤਾਂ ਵਿੱਚ ਆਪਣੇ ਘਰ ਦੇ ਨਾਲ ਹੀ ਪਸ਼ੂਆਂ ਅਤੇ ਤੂੜੀ ਵਾਸਤੇ ਬਣਾਇਆ ਟੀਨਾਂ/ਚਾਦਰਾਂ ਵਾਲਾ ਸ਼ੈੱਡ ਲੰਘੀ ਰਾਤ ਆਏ ਝੱਖੜ ਨਾਲ ਡਿੱਗ ਕੇ ਢਹਿ-ਢੇਰੀ ਹੋ ਗਿਆ। ਉਨ੍ਹਾਂ ਨੇ ਸ਼ੈੱਡ ਹੇਠਾਂ 18 ਪਸ਼ੂ ਬੱਨ੍ਹੇ ਹੋਏ ਸਨ। ਸ਼ੈੱਡ ਡਿੱਗਣ ਦਾ ਭਾਰੀ ਖੜਾਕ ਸੁਣ ਕੇ ਉਨ੍ਹਾਂ ਨੇ ਮਲਬੇ ਹੇਠਾਂ ਦੱਬੇ ਪਸ਼ੂਆਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ ਤਾਂ ਇੱਕ ਗੱਭਣ ਗਾਂ ਅਤੇ ਇਕ ਕੱਟਾ ਮਰ ਚੁੱਕੇ ਸਨ ਅਤੇ ਕੁਝ ਪਸ਼ੂਆਂ ਨੂੰ ਸੱਟਾਂ ਲੱਗੀਆਂ ਹੋਈਆਂ ਸਨ। ਪੀੜਤ ਕਿਸਾਨ ਨੇ ਦੱਸਿਆ ਕਿ ਇਸ ਕੁਦਰਤੀ ਆਫ਼ਤ ਕਾਰਨ ਉਨ੍ਹਾਂ ਦਾ ਕੀਬ ਚਾਰ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪੀੜਤ ਕਿਸਾਨ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸਾਸਨ ਕੋਲੋਂ ਮੰਗ ਕੀਤੀ ਹੈ ਕਿ ਮੁੜ ਸ਼ੈੱਡ ਬਣਾਉਣ ਲਈ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ।