ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 14 ਸਤੰਬਰ
ਜ਼ਿਲ੍ਹਾ ਗੁਰਦਾਸਪੁਰ ਦੇ ਪੁਲੀਸ ਥਾਣਾ ਧਾਰੀਵਾਲ ਅਧੀਨ ਪੈਂਦੇ ਨਜ਼ਦੀਕੀ ਪਿੰਡ ਸੋਹਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਤਿੰਨ ਅਧਿਆਪਕਾਂ ’ਤੇ ਵਿਦਿਆਰਥਣਾਂ ਨਾਲ ਗ਼ਲਤ ਹਰਕਤਾਂ ਕਰਨ ਦੇ ਦੋਸ਼ ਲੱਗੇ ਹਨ। ਪਿੰਡ ਸੋਹਲ ਵਾਸੀਆਂ ਵਲੋਂ ਇਨ੍ਹਾਂ ਅਧਿਆਪਕਾਂ ਖ਼ਿਲਾਫ਼ ਥਾਣਾ ਧਾਰੀਵਾਲ ਵਿੱਚ ਸ਼ਿਕਾਇਤ ਕੀਤੀ ਗਈ ਸੀ। ਇਸ ਤੋਂ ਬਾਅਦ ਤਿੰਨਾਂ ਅਧਿਆਪਕਾਂ ਵਲੋਂ ਬੀਤੀ ਦੇਰ ਸ਼ਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਿੰਡ ਦੇ ਮੋਹਤਬਰਾਂ ਦੇ ਵੱਡੇ ਇਕੱਠ ਦੌਰਾਨ ਆਪਣੇ ਬੱਚਿਆਂ ਤੇ ਪਰਿਵਾਰ ਦਾ ਵਾਸਤਾ ਪਾ ਕੇ ਮੁਆਫ਼ੀ ਮੰਗ ਲਈ। ਉਨ੍ਹਾਂ ਦੇ ਲਿਖਤੀ ਮੁਆਫ਼ੀ ਮੰਗਣ ਅਤੇ ਇਸ ਸਕੂਲ ਵਿਚੋਂ ਬਦਲੀ ਕਰਵਾ ਲੈਣ ਦਾ ਵਾਅਦਾ ਕੀਤੇ ਜਾਣ ਮਗਰੋਂ ਇਹ ਮਾਮਲਾ ਹੁਣ ਸੁਲਝ ਗਿਆ ਹੈ। ਉਧਰ, ਥਾਣਾ ਧਾਰੀਵਾਲ ਦੇ ਮੁਖੀ ਸਰਬਜੀਤ ਸਿੰਘ ਨੇ ਕਿਹਾ ਕਿ ਸੋਹਲ ਸਕੂਲ ਦੇ ਪ੍ਰਿੰਸੀਪਲ ਤੇ ਪਿੰਡ ਦੇ ਮੋਹਤਬਰਾਂ ਨੇ ਮਾਮਲਾ ਸੁਲਝਾ ਕੇ ਰਾਜ਼ੀਨਾਮੇ ਦੀ ਕਾਪੀ ਦੇ ਦਿੱਤੀ ਹੈ। ਪਿੰਡ ਵਾਸੀਆਂ ਨੇ ਇਨ੍ਹਾਂ ਅਧਿਆਪਕਾਂ ਖ਼ਿਲਾਫ਼ ਕੋਈ ਪੁਲੀਸ ਕਾਰਵਾਈ ਨਾ ਕਰਨ ਦੀ ਵੀ ਅਪੀਲ ਕੀਤੀ ਹੈ। ਉਧਰ, ਜ਼ਿਲ੍ਹਾ ਸਿੱਖਿਆ ਅਫਸਰ (ਸੀਨੀਅਰ ਸੈਕੰਡਰੀ) ਹਰਪਾਲ ਸਿੰਘ ਸੰਧਾਵਾਲੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਕਥਿਤ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।