ਐੱਨਪੀ. ਧਵਨ
ਪਠਾਨਕੋਟ, 19 ਅਕਤੂਬਰ
ਨਗਰ ਨਿਗਮ ਦੀ ਟੀਮ ਨੇ ਚੀਫ ਸੈਨੇਟਰੀ ਇੰਸਪੈਕਟਰ ਵਿਕਰਮਜੀਤ ਦੀ ਅਗਵਾਈ ਵਿੱਚ ਅੱਜ ਸ਼ਹਿਰ ਅੰਦਰ ਹੋਟਲਾਂ, ਢਾਬਿਆਂ, ਰੈਸਟੋਰੈਂਟਾਂ ਅਤੇ ਵਾਰਡ ਨੰਬਰ 37 ਵਿੱਚ ਚਲਾਏ ਜਾ ਰਹੇ ਸੂਰ ਫਾਰਮ ਵਿੱਚ ਛਾਪੇ ਮਾਰੇ। ਉਥੇ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਲੈ ਕੇ ਟੀਮ ਨੇ ਚਾਲਾਨ ਕੱਟੇ। ਟੀਮ ਨੇ ਦੇਖਿਆ ਕਿ ਸੂਰ ਫਾਰਮ ਵਿੱਚ ਮੁਰਗਿਆਂ ਦੇ ਪੰਖ ਉਬਾਲੇ ਜਾ ਰਹੇ ਸਨ ਅਤੇ ਉਥੇ ਜਗ੍ਹਾ-ਜਗ੍ਹਾ ਗੰਦਗੀ ਦਾ ਆਲਮ ਸੀ। ਉਥੇ ਫਾਰਮ ਵਿੱਚ ਅੱਗ ਬਾਲ ਕੇ ਵੱਡੇ ਪੱਧਰ ਤੇ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਸੀ। ਜਿਸ ਦਾ ਨਿਗਮ ਦੀ ਟੀਮ ਨੇ ਗੰਭੀਰ ਨੋਟਿਸ ਲਿਆ ਅਤੇ ਚਲਾਨ ਕੱਟ ਦਿੱਤਾ। ਟੀਮ ਨੇ ਸੂਰ ਫਾਰਮ ਦੇ ਮਾਲਕ ਨੂੰ 23 ਅਕਤੂਬਰ ਨੂੰ ਨਗਰ ਨਿਗਮ ਕਮਿਸ਼ਨਰ ਦੇ ਮੂਹਰੇ ਪੇਸ਼ ਹੋਣ ਦਾ ਨੋਟਿਸ ਦੇ ਦਿੱਤਾ। ਚੀਫ ਸੈਨੇਟਰੀ ਇੰਸਪੈਕਟਰ ਵਿਕਰਮਜੀਤ ਨੇ ਦੱਸਿਆ ਕਿ ਹੋਟਲਾਂ, ਢਾਬਿਆਂ ਅਤੇ ਰੈਸਟੋਰੈਂਟ ਵਾਲੇ ਰਹਿੰਦ-ਖੂੰਹਦ ਵਾਲੇ ਖਾਣੇ ਨੂੰ ਸੂਰਾਂ ਨੂੰ ਪਾਉਂਦੇ ਹਨ। ਉਨ੍ਹਾਂ ਦੱਸਿਆ ਕਿ ਮੱਖਣ ਦੇ ਢਾਬੇ ਅੰਦਰ ਟੀਮ ਨੇ ਦੇਖਿਆ ਕਿ ਉਥੇ ਜੋ ਲੋਕ ਖਾਣਾ ਖਾ ਰਹੇ ਸਨ, ਉਨ੍ਹਾਂ ਦਾ ਅੰਦਰ ਫੈਲੇ ਧੂੰਏ ਕਾਰਨ ਬੁਰਾ ਹਾਲ ਸੀ ਕਿਉਂਕਿ ਢਾਬੇ ਅੰਦਰ ਕੋਈ ਵੀ ਐਗਜਾਸਟ ਫੈਨ ਨਹੀਂ ਸੀ। ਜਿਸ ਤੇ ਢਾਬਾ ਮਾਲਕ ਦਾ ਚਲਾਨ ਕੱਟ ਕੇ ਉਸ ਨੂੰ 26 ਤਰੀਕ ਨੂੰ ਪੇਸ਼ ਹੋਣ ਦੀ ਹਦਾਇਤ ਕੀਤੀ ਗਈ।