ਪੱਤਰ ਪ੍ਰੇਰਕ
ਪਠਾਨਕੋਟ, 7 ਅਕਤੂਬਰ
ਇਥੇ ਹਫ਼ਤਾ ਪਹਿਲਾਂ ਸਿਵਲ ਹਸਪਤਾਲ ਦੇ ਫਰਸ਼ ਉਪਰ ਹੋਏ ਜਣੇਪੇ ਮਾਮਲੇ ਵਿੱਚ ਸਿਹਤ ਵਿਭਾਗ ਅਧਿਕਾਰੀਆਂ ਦੀ ਟੀਮ ਬੱਚੇ ਦੀ ਸਿਹਤ ਨੂੰ ਜਾਂਚਣ ਲਈ ਪੀੜਤਾ ਦੇ ਘਰ ਪੁੱਜੀ। ਟੀਮ ਵਿੱਚ ਬੱਚਿਆਂ ਦੇ ਮਾਹਿਰ ਡਾ. ਅਸ਼ਵਨੀ ਅਤੇ ਡਾ. ਵੰਸ਼ਿਕਾ ਸ਼ਾਮਲ ਸਨ। ਇਸ ਦੌਰਾਨ ਜਾਂਚ ਕਰਦੇ ਹੋਏ ਡਾਕਟਰਾਂ ਨੇ ਨਵਜੰਮੀ ਬੱਚੀ ਨੂੰ ਚੈੱਕ ਕੀਤਾ ਅਤੇ ਉਸ ਦਾ ਨਿਯਮਾਂ ਅਨੁਸਾਰ ਹੋਣ ਵਾਲਾ ਟੀਕਾਕਰਨ ਕੀਤਾ। ਟੀਮ ਨੇ ਬੱਚੀ ਦੀ ਸਿਹਤ ਦੀ ਪੂਰੀ ਜਾਂਚ ਲਈ ਪਤੀ-ਪਤਨੀ ਨੂੰ ਭਲਕੇ ਸਿਵਲ ਹਸਪਤਾਲ ਵਿੱਚ ਬੁਲਾਇਆ ਹੈ ਕਿਉਂਕਿ ਡਾਕਟਰਾਂ ਨੂੰ ਖਦਸ਼ਾ ਹੈ ਕਿ ਬੱਚੀ ਨੂੰ ਪੀਲੀਆ ਸਬੰਧੀ ਸ਼ਿਕਾਇਤ ਹੋ ਗਈ ਹੈ। ਡਾ. ਅਸ਼ਵਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਲਹਾਲ ਬੱਚੀ ਅਤੇ ਮਾਂ ਦੋਵੇਂ ਤੰਦਰੁਸਤ ਹਨ ਪਰ ਬੱਚੀ ਨੂੰ ਟੈਸਟਾਂ ਲਈ ਬੁਲਾਇਆ ਗਿਆ ਹੈ ਤਾਂ ਜੋ ਬੱਚੀ ਦੇ ਸਿਹਤ ਸਬੰਧੀ ਪੂਰੀ ਜਾਂਚ ਕੀਤੀ ਜਾ ਸਕੇ।