ਗੁਰਦੇਵ ਸਿੰਘ ਗਹੂੰਣ
ਬਲਾਚੌਰ, 2 ਫਰਵਰੀ
ਬਲਾਕ ਸਮਿਤੀ ਬਲਾਚੌਰ ਦੀ ਮੈਂਬਰ ਪਿੰਡ ਗਹੂੰਣ ਨਿਵਾਸੀ ਗੁਰਮੀਤ ਕੌਰ ਨੇ ਸੀਨੀਅਰ ਕਾਂਗਰਸੀ ਆਗੂ ਅਜੈ ਕੁਮਾਰ ਮੰਗੂਪੁਰ ਦੀ ਮੌਜੂਦਗੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਪਰਿਵਾਰ ਸਮੇਤ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ। ਇਸ ਮੌਕੇ ਗੁਰਮੀਤ ਕੌਰ ਨੇ ਕਿਹਾ ਕਿ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਬਿਨਾਂ ਕਿਸੇ ਭੇਦ-ਭਾਵ ਤੋਂ ਹਲਕੇ ਵਿੱਚ ਵਿਕਾਸ ਦੇ ਅਨੇਕਾਂ ਕਾਰਜ ਕਰਵਾਏ ਹਨ, ਜਿਸ ਕਾਰਨ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਵਧੀਆਂ ਲੱਗੀਆਂ ਹਨ। ਇਸ ਮੌਕੇ ਅਜੈ ਕੁਮਾਰ ਮੰਗੂਪੁਰ ਨੇ ਗੁਰਮੀਤ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਪਾ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਬਲਾਕ ਸੰਮਤੀ ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕਰਦੀ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਬਲਾਕ ਸੰਮਤੀ ਬਲਾਚੌਰ ਦੇ ਚੇਅਰਮੈਨ ਧਰਮਪਾਲ ਭਰਥਲਾ, ਗੁਰਮਖ ਸਿੰਘ ਸਰਪੰਚ ਗਹੂੰਣ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।
‘ਆਪ’ ਨੂੰ ਝਟਕਾ, ਟੀਨਾ ਚੌਧਰੀ ਹੋਈ ਕਾਂਗਰਸ ਵਿੱਚ ਸ਼ਾਮਲ
ਪਠਾਨਕੋਟ (ਐਨਪੀ ਧਵਨ): ਸਥਾਨਕ ਹਲਕੇ ਤੋਂ ਪਾਰਟੀ ਟਿਕਟ ਨਾ ਮਿਲਣ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਦੀ ਆਗੂ ਟੀਨਾ ਚੌਧਰੀ ਅੱਜ ਉਮੀਦਵਾਰ ਤੇ ਮੌਜੂਦਾ ਵਿਧਾਇਕ ਅਮਿਤ ਵਿੱਜ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਈ। ਅਮਿਤ ਵਿੱਜ ਨੇ ਟੀਨਾ ਚੌਧਰੀ ਦਾ ਸਵਾਗਤ ਕੀਤਾ ਅਤੇ ਭਰੋਸਾ ਦਿੱਤਾ ਕਿ ਪਾਰਟੀ ਅੰਦਰ ਉਸ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਟੀਨਾ ਚੌਧਰੀ ਨੇ ਕਿਹਾ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਪਾਰਟੀ ਦੇ ਪ੍ਰੋਗਰਾਮਾਂ ਨੂੰ ਲਾਗੂ ਕਰਦੀ ਰਹੀ ਪਰ ਬਾਅਦ ਵਿੱਚ ਆਮ ਆਦਮੀ ਪਾਰਟੀ ਨੇ ਉਸ ਨੂੰ ਦਰਕਿਨਾਰ ਕਰਕੇ ਪੈਰਾਸ਼ੂਟੀ ਉਮੀਦਵਾਰ ਵਿਭੂਤੀ ਸ਼ਰਮਾ ਨੂੰ ਟਿਕਟ ਦੇ ਦਿੱਤੀ। ਅਖੀਰ ਥੱਕ ਹਾਰ ਕੇ ਉਸ ਨੇ ਆਪਣੇ ਪੂਰਵਜ਼ਾਂ ਦੀ ਮਾਂ ਪਾਰਟੀ ਕਾਂਗਰਸ ਵਿੱਚ ਘਰ ਵਾਪਸੀ ਹੋਣ ਵਿੱਚ ਹੀ ਬਿਹਤਰੀ ਸਮਝੀ।
ਉੱਚਾ ਪਿੰਡ ਦੇ 60 ਪਰਿਵਾਰ ‘ਆਪ’ ਵਿੱਚ ਸ਼ਾਮਲ
ਫਗਵਾੜਾ (ਜਸਬੀਰ ਸਿੰਘ ਚਾਨਾ): ਇੱਥੇ ਉੱਚਾ ਪਿੰਡ ਵਿੱਚ ਅਕਾਲੀ ਦਲ ਤੇ ਕਾਂਗਰਸ ਨਾਲ ਜੁੜੇ ਕਰੀਬ 60 ਪਰਿਵਾਰਾਂ ਨੇ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਸਾਬਕਾ ਮੰਤਰੀ ਤੇ ‘ਆਪ’ ਦੇ ਉਮੀਦਵਾਰ ਜੋਗਿੰਦਰ ਸਿੰਘ ਮਾਨ ਹਾਜ਼ਰ ਸਨ। ਇਸ ਮੌਕੇ ਸ੍ਰੀ ਮਾਨ ਨੇ ਕਿਹਾ ਕਿ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਨੂੰ ਪੂਰਾ ਮਾਣ ਸਨਮਾਨ ਮਿਲੇਗਾ। ਉਨ੍ਹਾਂ ਕਿਹਾ ਕਿ ਫਗਵਾੜਾ ਦੇ ਸਰਬਪੱਖੀ ਵਿਕਾਸ ਨੂੰ ਪ੍ਰਸ਼ਾਸਨ ਦੇ ਦਿੱਲੀ ਮਾਡਲ ਦੀ ਤਰਜ ’ਤੇ ਯਕੀਨੀ ਬਣਾਇਆ ਜਾਵੇਗਾ ਜਿਸ ’ਚ ਸਾਰਿਆਂ ਨੂੰ ਬਰਾਬਰ ਮੌਕੇ ਦਿੱਤੇ ਜਾਣਗੇ। ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਵਿੱਚ ਟੋਨੀ, ਦਰਸ਼ੀ, ਪਰਮਜੀਤ, ਜਰਨੈਲ ਸਿੰਘ, ਸੁਖਬੀਰ ਸਿੰਘ, ਕਰਨੈਲ ਸਿੰਘ, ਜਸਵੀਰ ਸਿੰਘ, ਪਰਮਿੰਦਰ ਸਿੰਘ, ਗੁਰਚਰਨ ਸਿੰਘ, ਮੱਖਣ ਰਾਮ, ਲਾਭ ਕੌਰ ਸ਼ਾਮਲ ਹਨ।