ਗੁਰਬਖਸ਼ਪੁਰੀ
ਤਰਨ ਤਾਰਨ, 1 ਨਵੰਬਰ
ਤਰਨ ਤਾਰਨ-ਅੰਮ੍ਰਿਤਸਰ ਸੜਕ ’ਤੇ ਬੀਤੇ ਦਿਨ ਇਕ ਟਰੈਕਟਰ-ਟਰਾਲੀ ਦੇ ਡਰਾਈਵਰ ਨੇ ਇਕ 42 ਕੁ ਸਾਲ ਦੇ ਵਿਅਕਤੀ ਨੂੰ ਕੁਚਲ ਦਿੱਤਾ। ਮ੍ਰਿਤਕ ਦੀ ਪਛਾਣ ਕੁਲਬੀਰ ਸਿੰਘ (42) ਵਾਸੀ ਕੋਟ ਦੌਸੰਧੀ ਮੱਲ ਦੇ ਤੌਰ ’ਤੇ ਕੀਤੀ ਗਈ ਹੈ। ਟਰੈਕਟਰ-ਟਰਾਲੀ ਦਾ ਚਾਲਕ ਹਰਮਨਦੀਪ ਸਿੰਘ ਵਾਸੀ ਪੰਡੋਰੀ ਰਣਸਿੰਘ ਟਰੈਕਟਰ-ਟਰਾਲੀ ’ਤੇ ਝੋਨਾ ਲੈ ਕੇ ਤਰਨ ਤਾਰਨ ਦੀ ਮੰਡੀ ਨੂੰ ਜਾ ਰਿਹਾ ਸੀ। ਉਸ ਦੇ ਪਿੱਛੇ ਆ ਰਹੇ ਆ ਰਹੇ ਕੋਟ ਦੌਸੰਧੀ ਮੱਲ ਦੇ ਵਾਸੀ ਮਹਿੰਗਾ ਸਿੰਘ ਅਤੇ ਪਿੱਛੇ ਬੈਠੇ ਉਸ ਦੇ ਰਿਸ਼ਤੇਦਾਰ ਅਨਮੋਲਜੀਤ ਸਿੰਘ ਨੇ ਜਿਵੇ ਹੀ ਝੋਨੇ ਦੀ ਟਰਾਲੀ ਨੂੰ ਕਰਾਸ ਕੀਤਾ ਤਾਂ ਚਾਲਕ ਨੇ ਝੋਨੇ ਦੀ ਟਰਾਲੀ ਉਨ੍ਹਾਂ ਦੇ ਪਾਸੇ ਕਰ ਦਿੱਤੀ ਜਿਸ ਨਾਲ ਉਹ ਖੇਤਾਂ ਵਿੱਚ ਜਾ ਡਿੱਗੇ। ਉਨ੍ਹਾਂ ਦੇ ਪਿੱਛੇ ਮੋਟਰ ਸਾਈਕਲ ’ਤੇ ਆਉਂਦੇ ਮਹਿੰਗਾ ਸਿੰਘ ਦੇ ਲੜਕੇ ਕੁਲਬੀਰ ਸਿੰਘ ਨੇ ਆਪਣੇ ਪਿਤਾ ਨੂੰ ਨਾਲ ਲੈ ਕੇ ਟਰੈਕਟਰ ਟਰਾਲੀ ਦੇ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਟਰੈਕਟਰ-ਟਰਾਲੀ ਕੁਲਬੀਰ ਸਿੰਘ ’ਤੇ ਚਾੜ੍ਹ ਦਿੱਤੀ, ਜਿਸ ਨਾਲ ਕੁਲਬੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਕੁਲਬੀਰ ਸਿੰਘ ਨੂੰ ਗੰਭੀਰ ਹਾਲਤ ਵਿੱਚ ਇਥੋਂ ਦੇ ਸਿਵਲ ਹਸਪਤਾਲ ਲਿਆਂਦਾ ਜਾ ਰਿਹਾ ਸੀ ਤਾਂ ਉਸ ਨੇ ਰਾਹ ਵਿੱਚ ਹੀ ਦਮ ਤੋੜ ਦਿੱਤਾ। ਸਥਾਨਕ ਥਾਣਾ ਸਿਟੀ ਦੇ ਏ ਐੱਸ ਆਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਟਰੈਕਟਰ-ਟਰਾਲੀ ਦੇ ਚਾਲਕ ਹਰਮਨਦੀਪ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਤੇਜ਼ ਰਫਤਾਰ ਕਾਰ ਖੋਖੇ ਨਾਲ ਟਕਰਾਉਣ ਕਾਰਨ ਮਹਿਲਾ ਜ਼ਖ਼ਮੀ
ਪਠਾਨਕੋਟ (ਪੱਤਰ ਪ੍ਰੇਰਕ): ਸਥਾਨਕ ਰਾਮਲੀਲਾ ਗਰਾਊਂਡ ਕੋਲ ਇੱਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਬਜ਼ੁਰਗ ਮਹਿਲਾ ਦੇ ਸਾਮਾਨ ਵਾਲੇ ਖੋਖੇ ’ਤੇ ਜਾ ਚੜ੍ਹੀ, ਜਿਸ ਨਾਲ ਖਾਣ-ਪੀਣ ਦਾ ਸਾਮਾਨ ਵੇਚਣ ਵਾਲੀ ਉਕਤ ਬਜ਼ੁਰਗ ਔਰਤ ਵੀ ਕਾਰ ਦੀ ਲਪੇਟ ਵਿੱਚ ਆ ਗਈ ਤੇ ਜ਼ਖਮੀ ਹੋ ਗਈ। ਹਾਦਸਾ ਵਾਪਰਦੇ ਸਾਰ ਲੋਕਾਂ ਨੇ ਜ਼ਖਮੀ ਔਰਤ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ। ਕਾਰ ਚਾਲਕ ਨੂੰ ਲੋਕਾਂ ਨੇ ਥਾਣਾ ਡਵੀਜ਼ਨ ਨੰਬਰ-1 ਦੀ ਪੁਲੀਸ ਹਵਾਲੇ ਕਰ ਦਿੱਤਾ। ਇਹ ਘਟਨਾ ਬੀਤੀ ਰਾਤ ਦੀ ਹੈ, ਜਦ 2 ਨੌਜਵਾਨ ਕਾਰ ਵਿੱਚ ਸਵਾਰ ਹੋ ਕੇ ਉਥੋਂ ਲੰਘਣ ਲੱਗੇ ਤਾਂ ਕਾਰ ਬੇਕਾਬੂ ਹੋ ਗਈ। ਲੋਕਾਂ ਅਨੁਸਾਰ ਦੋਨੋਂ ਨੌਜਵਾਨਾਂ ਨੇ ਨਸ਼ਾ ਕੀਤਾ ਹੋਇਆ ਜਾਪ ਰਿਹਾ ਸੀ। ਥਾਣਾ ਡਵੀਜ਼ਨ ਨੰਬਰ-1 ਦੇ ਮੁਖੀ ਦਵਿੰਦਰ ਕਾਸ਼ਨੀ ਨੇ ਦੱਸਿਆ ਕਿ ਦੋਨੋਂ ਪੱਖਾਂ ਨੂੰ ਥਾਣੇ ਵਿੱਚ ਬੁਲਾਇਆ ਗਿਆ ਹੈ ਅਤੇ ਬਜ਼ੁਰਗ ਔਰਤ ਦੇ ਇਲਾਜ ਕਰਵਾਉਣ ਦੀ ਗੱਲ ਹੋਣ ਤੇ ਦੋਹਾਂ ਪੱਖਾਂ ਵਿੱਚ ਸਮਝੌਤਾ ਹੋ ਗਿਆ ਹੈ, ਜੇ ਫਿਰ ਵੀ ਬਜ਼ੁਰਗ ਔਰਤ ਵੱਲੋਂ ਹੋਸ਼ ਵਿੱਚ ਆਉਣ ’ਤੇ ਕੋਈ ਕਾਰਵਾਈ ਦੀ ਮੰਗ ਕੀਤੀ ਗਈ ਤਾਂ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।