ਪੱਤਰ ਪ੍ਰੇਰਕ
ਅਜਨਾਲਾ, 12 ਜੁਲਾਈ
ਸੂਬੇ ਭਰ ਦੀਆਂ ਦਾਣਾਂ ਮੰਡੀਆਂ ਵਿੱਚ ਆਏ ਦਾਣਿਆਂ ਨੂੰ ਗੁਦਾਮਾਂ ਜਾਂ ਸਪੈਸ਼ਲ ਰੇਲ ਗੱਡੀਆਂ ਵਿੱਚ ਸਿੱਧਾ ਪਹੁੰਚਾਉਣ ਲਈ ਅਪਣਾਈ ਜਾਂਦੀ ਟਰਾਂਸਪੋਰਟ ਟੈਂਡਰ ਪ੍ਰਣਾਲੀ ਤਹਿਤ ਢੋਆ-ਢੋਆਈ ਦਾ ਠੇਕਾ ਇੱਕ ਵਿਅਕਤੀ ਨੂੰ ਦੇਣ ਦੀ ਨੀਤੀ ਨੇ ਆੜ੍ਹਤੀਆਂ ਅਤੇ ਟਰੱਕਾਂ ਵਾਲਿਆਂ ਨੂੰ ਅਜੇ ਤੱਕ ਕਿਰਾਏ ਦੀ ਅਦਾਇਗੀ ਨਾ ਹੋਣ ਕਾਰਨ ਪ੍ਰੇਸ਼ਾਨੀ ਵਿੱਚ ਪਾਇਆ ਹੋਇਆ ਹੈ। ਇਸ ਸਬੰਧੀ ਆੜ੍ਹਤੀ ਮਨਜੀਤ ਸਿੰਘ, ਗੁਰਿੰਦਰ ਸਿੰਘ, ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ‘ਆਪ’ ਦੀ ਸਰਕਾਰ ਬਣਨ ’ਤੇ ਆੜ੍ਹਤੀਆਂ ਨੂੰ ਆਸ ਸੀ ਕਿ ਹੁਣ ਇਸ ਖੇਤਰ ਵਿੱਚ ਵੀ ਬਦਲਾਅ ਆਵੇਗਾ ਅਤੇ ਟੈਂਡਰ ਇੱਕ ਵਿਅਕਤੀ ਦੇਣ ਦੀ ਬਜਾਏ ਆਪਣੇ ਪੱਧਰ ’ਤੇ ਢੁਆਈ ਕਰਨ ਵਾਲੇ ਆੜ੍ਹਤੀਆਂ ਨੂੰ ਸਿੱਧੀ ਅਦਾਇਗੀ ਮਿਲੇਗੀ ਪਰ ਹੁਣ ਟੈਂਡਰ ਹੋਲਡਰ ਵੱਲੋਂ ਕਈ ਟਰੱਕ ਮਾਲਕਾਂ ਜਾਂ ਆੜ੍ਹਤੀਆਂ ਨੂੰ ਨਿਰਧਾਰਿਤ ਰੇਟ ਦੀ ਬਜਾਏ 7 ਤੋਂ 14 ਰੁਪਏ ਪ੍ਰਤੀ ਕੁਇੰਟਲ ਘੱਟ ਕਿਰਾਇਆ ਦੇ ਕੇ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕਿ ਸਰਕਾਰੀ ਰੇਟ ਅਨੁਸਾਰ ਬਣਦਾ ਕਿਰਾਇਆ ਤਰੁੰਤ ਦਿੱਤਾ ਜਾਵੇ। ਇਸ ਸਬੰਧੀ ਸਹਾਇਕ ਖੁਰਾਕ ਸਪਲਾਈ ਅਫਸਰ ਸੰਦੀਪ ਸਿੰਘ ਨੇ ਦੱਸਿਆ ਕਿ ਕਿਰਾਏ ਦੀ ਅਦਾਇਗੀ ਵਿਭਾਗ ਵੱਲੋਂ ਟੈਂਡਰ ਹੋਲਡਰ ਰਾਹੀਂ ਆੜ੍ਹਤੀਆਂ ਅਤੇ ਟਰੱਕ ਮਾਲਕਾਂ ਨੂੰ ਜਲਦ ਕਰਵਾ ਦਿੱਤੀ ਜਾਵੇਗੀ।