ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 29 ਅਕਤੂਬਰ
ਦੀਵਾਲੀ ਨੇੜੇ ਆਉਂਦਿਆਂ ਹੀ ਸ਼ਹਿਰ ਵਿੱਚ ਜੂਏ ਦੇ ਰੁਝਾਨ ਨੇ ਜ਼ੋਰ ਫੜ ਲਿਆ ਹੈ। ਪੁਲੀਸ ਨੇ ਇੱਕ ਫਾਰਮ ਹਾਊਸ ਤੋਂ ਜੂਆ ਖੇਡਦੇ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 41 ਲੱਖ 76 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਅਮੋਲਕਦੀਪ ਸਿੰਘ ਤੇ ਥਾਣਾ ਕੈਨਟੋਨਮੈਂਟ ਦੇ ਮੁਖੀ ਇੰਸਪੈਕਟਰ ਸੁਖਇੰਦਰ ਸਿੰਘ ਦੀ ਨਿਗਰਾਨੀ ਹੇਠ ਪੁਲੀਸ ਨੇ ਗੁਪਤ ਸੂਚਨਾ ’ਤੇ ਯੋਜਨਾਬੰਦੀ ਕਰ ਕੇ ਆਰਬੀ ਸਟੇਟ ਲੁਹਾਰਕਾ ਰੋਡ ਵਿੱਚ ਇੱਕ ਫਾਰਮ ਹਾਊਸ ’ਤੇ ਛਾਪਾ ਮਾਰਿਆ ਜਿੱਥੇ ਉਸ ਵੇਲੇ ਜੂਆ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜੂਆ ਖੇਡਣ ਵਾਸਤੇ ਵੱਖ-ਵੱਖ ਸ਼ਹਿਰਾਂ ਅਤੇ ਜ਼ਿਲ੍ਹਿਆਂ ਤੋਂ ਵਿਅਕਤੀ ਪੁੱਜੇ ਹੋਏ ਸਨ ਜਨਿ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਇਲਾਵਾ ਤਰਨ ਤਾਰਨ, ਬਟਾਲਾ ਤੇ ਲੁਧਿਆਣਾ ਦੇ ਲੋਕ ਸ਼ਾਮਲ ਹਨ। ਗ੍ਰਿਫ਼ਤਾਰ ਵਿਅਕਤੀਆਂ ਕੋਲੋਂ 41 ਲੱਖ 76 ਹਜ਼ਾਰ ਰੁਪਏ, ਤਾਸ਼ਾਂ ਅਤੇ ਕੈਸ਼ ਕਾਊਂਟਿੰਗ ਵਾਲੀ ਮਸ਼ੀਨ ਵੀ ਬਰਾਮਦ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਖਿਲਾਫ਼ ਥਾਣਾ ਕੈਨਟੋਨਮੈਂਟ ਵਿੱਚ ਗੈਂਬਲਿੰਗ ਐਕਟ ਹੇਠ ਕੇਸ ਦਰਜ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀਆਂ ਦੀ ਸ਼ਨਾਖਤ ਵਿਜੇ ਹੰਡਾ, ਸ਼ਿਵਮ ਅਰੋੜਾ, ਸੁਹੇਲ, ਸਾਹਿਲ, ਲਵਿਸ਼, ਅਮਿਤ ਕੁਮਾਰ, ਸੁਨੀਲ ਕੁਮਾਰ, ਅਮਿਤ ਬਜਾਜ, ਅਜੇ ਕੁਮਾਰ, ਹਰਜੋਤ ਸਿੰਘ , ਸਨੀ, ਅਮਿਤ ਅਗਰਵਾਲ, ਜੱਗਾ ਸਿੰਘ, ਗਗਨਦੀਪ ਸਿੰਘ, ਵਰਿੰਦਰ ਸਿੰਘ, ਸ਼ੇਰ ਸਿੰਘ, ਸੰਜੀਵ, ਰਾਹੁਲ ਕੰਡਾ ਅਤੇ ਨਿਤਨਿ ਚੋਪੜਾ ਵਜੋਂ ਹੋਈ ਹੈ।