ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 24 ਜੂਨ
ਬੀਤੇ ਦਿਨਾਂ ਤੋਂ ਸੋਸ਼ਲ ਮੀਡੀਆ ਉੱਪਰ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਔਰਤ ਅਤੇ ਇਕ ਨੌਜਵਾਨ ਵੱਲੋਂ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਕੇਸਾਂ ਤੋਂ ਫੜ ਕੇ ਕੁੱਟਮਾਰ ਕਰਦਿਆਂ ਜੁੱਤੀ ਵਿੱਚ ਪਾਣੀ ਪਿਲਾਇਆ ਜਾ ਰਿਹਾ ਹੈ। ਇਸ ਸਬੰਧੀ ਇਕੱਤਰ ਜਾਣਕਾਰੀ ਤੋਂ ਪਤਾ ਲੱਗਾ ਹੈ ਜਿਸ ਵਿਅਕਤੀ ਦੀ ਕੁੱਟਮਾਰ ਹੋ ਰਹੀ ਹੈ ਉਸ ਦਾ ਨਾਮ ਸੁੱਖਾ ਸਿੰਘ ਹੈ, ਜੋ ਥਾਣਾ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਮਿਹੋਕਾ ਦਾ ਵਾਸੀ ਹੈ ਅਤੇ ਈ-ਰਿਕਸ਼ਾ ਚਲਾਉਂਦਾ ਹੈ। ਬੀਤੇ ਦਿਨੀਂ ਸੁੱਖਾ ਸਿੰਘ ਨੂੰ ਉਸੇ ਦੇ ਪਿੰਡ ਦੇ ਰਹਿਣ ਵਾਲੇ ਦਿਲਬਾਗ ਸਿੰਘ ਦੇ ਪਰਿਵਾਰ ਵੱਲੋਂ ਅੰਮ੍ਰਿਤਸਰ ਦੇ ਆਈਲੈਟਸ ਸੈਂਟਰ ਤੋਂ ਕਾਬੂ ਕੀਤਾ ਗਿਆ ਅਤੇ ਪਿੰਡ ਮਿਹੋਕਾ ਆਪਣੇ ਘਰ ਲਿਆ ਕੇ ਉਸ ਦੀ ਬੇਤਹਾਸ਼ਾ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਕੇਸਾਂ ਦੀ ਅਤੇ ਕਕਾਰਾਂ ਦੀ ਬੇਅਦਬੀ ਕੀਤੀ ਗਈ ਅਤੇ ਉਸ ਨੂੰ ਜੁੱਤੀ ਵਿਚ ਪਾਣੀ ਪਿਆਉਂਦਿਆਂ ਦੀ ਵੀਡੀਓ ਵਾਇਰਲ ਕਰ ਦਿੱਤੀ। ਕੁੱਟਮਾਰ ਦਾ ਸ਼ਿਕਾਰ ਹੋਏ ਵਿਅਕਤੀ ਸੁੱਖਾ ਸਿੰਘ ਨੇ ਦੱਸਿਆ ਉਸ ਨੇ ਦਿਲਬਾਗ ਸਿੰਘ ਨੂੰ ਪੈਸੇ ਉਧਾਰ ਦਿੱਤੇ ਸਨ, ਜੋ ਉਹ ਉਸ ਕੋਲੋਂ ਵਾਪਸ ਮੰਗਣ ਗਿਆ ਤਾਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਜੁੱਤੀ ਵਿਚ ਪਾਣੀ ਪਿਲਾਇਆ। ਇਸ ਸਬੰਧੀ ਦਿਲਬਾਗ ਸਿੰਘ ਪੁੱਤਰ ਚੈਂਚਲ ਸਿੰਘ ਤੇ ਸ਼ਰਨਜੀਤ ਕੌਰ ਪਤਨੀ ਦਿਲਬਾਗ ਸਿੰਘ ਵਾਸੀ ਮਿਹੋਕਾ ਨੇ ਦੱਸਿਆ ਸੁੱਖਾ ਸਿੰਘ ਉਨ੍ਹਾਂ ਦੀ ਅੰਮ੍ਰਿਤਸਰ ਆਈਲੈੱਟਸ ਕਰਨ ਜਾਂਦੀ ਲੜਕੀ ਦਾ ਪਿੱਛਾ ਕਰਕੇ ਅਤੇ ਉਸ ਨੂੰ ਫੋਨ ਕਰਕੇ ਪ੍ਰੇਸ਼ਾਨ ਕਰਦਾ ਸੀ। ਉਹ ਆਈਲੈੱਟਸ ਸੈਂਟਰ ਦੇ ਬਾਹਰ ਤਕ ਜਾ ਕੇ ਉਸ ਨੂੰ ਤੰਗ ਕਰਦਾ ਸੀ ਤੇ ਉਹ ਉਸ ਨੂੰ ਪਹਿਲਾਂ ਵੀ ਕਈ ਵਾਰ ਇਸ ਕੰਮ ਤੋਂ ਵਰਜ ਚੁੱਕੇ ਸਨ ਤੇ ਉਹ ਪਿੰਡ ਦੀ ਪੰਚਾਇਤ ਸਾਹਮਣੇ ਵੀ ਇਹ ਮਾਮਲਾ ਰੱਖ ਚੁੱਕੇ ਸਨ ਪਰ ਉਹ ਬਾਜ਼ ਨਹੀਂ ਆਇਆ ਜਿਸ ਕਾਰਨ ਅਖੀਰ ਤੰਗ ਆ ਕੇ ਉਨ੍ਹਾਂ ਨੇ ਸੁੱਖਾ ਸਿੰਘ ਦੀ ਕੁੱਟਮਾਰ ਕੀਤੀ। ਪੈਸੇ ਉਧਾਰੇ ਦੇਣ ਵਾਲੀ ਗੱਲ ਤੇ ਉਨ੍ਹਾਂ ਕਿਹਾ ਉਨ੍ਹਾਂ ਕੋਈ ਵੀ ਪੈਸਾ ਉਸ ਕੋਲੋਂ ਉਧਾਰ ਨਹੀਂ ਲਿਆ ਹੋਇਆ। ਇਸ ਸਬੰਧੀ ਐਸਐਚਓ ਥਾਣਾ ਰਾਮਬਾਗ ਰਣਧੀਰ ਸਿੰਘ ਨੇ ਕਿਹਾ ਪੀੜਤ ਵਿਅਕਤੀ ਦੇ ਬਿਆਨ ਲੈ ਲਏ ਗਏ ਹਨ ਅਤੇ ਕੁੱਟਮਾਰ ਕਰਨ ਵਾਲਿਆਂ ਉੱਪਰ ਮਾਮਲਾ ਦਰਜ ਕੀਤਾ ਜਾ ਰਿਹਾ ਹੈ।