ਪੱਤਰ ਪ੍ਰੇਰਕ
ਤਰਨ ਤਾਰਨ, 27 ਸਤੰਬਰ
ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਝੰਡੇ ਹੇਠ ਅੱਜ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਮੁਲਾਜ਼ਮਾਂ ਨੇ ਵਿਭਾਗ ਦੇ ਐੱਚਓਡੀ ਵੱਲੋਂ ਉਨ੍ਹਾਂ ਨੂੰ ਤਨਖਾਹਾਂ ਦੇਣ ਦੇ ਮਾਮਲੇ ਵਿੱਚ ਜਾਰੀ ਕੀਤੇ ਪੱਤਰ ਖਿਲਾਫ਼ ਰੋਸ ਵਿਖਾਵੇ ਕੀਤੇ ਅਤੇ ਵਿਭਾਗ ਦੇ ਪੱਤਰ ਦੀਆਂ ਕਾਪੀਆਂ ਸਾੜੀਆਂ| ਜਥੇਬੰਦੀ ਦੇ ਆਗੂ ਗੁਰਵਿੰਦਰ ਸਿੰਘ ਬਾਠ, ਦਿਲਬਾਗ ਸਿੰਘ ਦੋਬੁਰਜੀ, ਕੁਲਦੀਪ ਸਿੰਘ ਵਿਰਕ, ਦੇਸ ਰਾਜ ਰੰਧਾਵਾ, ਮਲੂਕ ਸਿੰਘ , ਪਰਮਜੀਤ ਸਿੰਘ ਸਮੇਤ ਹੋਰਾਂ ਨੇ ਕਿਹਾ ਕਿ ਵਿਭਾਗ ਦੇ ਮੁਖੀ ਵੱਲੋਂ ਜਾਰੀ ਪੱਤਰ ਅਨੁਸਾਰ ਮੁਲਾਜ਼ਮਾਂ ਦੀਆਂ ਪਹਿਲੇ ਸਾਲਾਂ ਦੀਆਂ ਸੇਵਾਵਾਂ ਦੇ ਤਜਰਬੇ ਨੂੰ ਖ਼ਤਮ ਕਰਕੇ ਤਨਖਾਹਾਂ ਇਕਸਾਰ ਕੀਤੀਆਂ ਜਾ ਰਹੀਆਂ ਹਨ। ਇਸ ਕਾਰਨ ਕਈ-ਕਈ ਸਾਲਾਂ ਤੋਂ ਕੰਮ ਕਰਦੇ ਆ ਰਹੇ ਮੁਲਾਜ਼ਮਾਂ ਦਾ ਭਵਿੱਖ ਹਨੇਰੇ ਵਿੱਚ ਹੋ ਗਿਆ ਹੈ| ਆਗੂਆਂ ਨੇ ਤਨਖਾਹਾਂ ਦੇ ਮਾਮਲੇ ਵਿੱਚ ਪਹਿਲਾਂ ਦੀ ਤਰ੍ਹਾਂ ਨੌਕਰੀ ਦੇ ਸਾਲਾਂ ਨੂੰ ਮੁੱਖ ਰੱਖਦਿਆਂ ਕੈਟਾਗਿਰੀਆਂ ਜਾਰੀ ਰੱਖੇ ਜਾਣ ਦੀ ਮੰਗ ਕੀਤੀ ਹੈ| ਮੁਲਾਜ਼ਮਾਂ ਨੇ ਤਰਨ ਤਾਰਨ, ਕੱਕਾ ਕੰਡਿਆਲਾ, ਖਡੂਰ ਸਾਹਿਬ, ਅਮਰਕੋਟ ਆਦਿ ਬਲਾਕਾਂ ਵਿੱਚ ਵਿਖਾਵੇ ਕਰਕੇ ਵਿਭਾਗ ਦੇ ਪੱਤਰ ਦੀਆਂ ਕਾਪੀਆਂ ਸਾੜੀਆਂ|