ਐਨਪੀ. ਧਵਨ
ਪਠਾਨਕੋਟ, 11 ਮਾਰਚ
ਜ਼ਿਲ੍ਹਾ ਪਠਾਨਕੋਟ ਅੰਦਰ ਇਸ ਵਾਰ ਹੋਈਆਂ ਵਿਧਾਨ ਸਭਾ ਚੋਣਾਂ ਅੰਦਰ ਬਾਕੀ ਪੰਜਾਬ ਦੀ ਤਰ੍ਹਾਂ ਬਦਲਾਅ ਦੀ ਲਹਿਰ ਘੱਟ ਨਜ਼ਰ ਆਈ। ਇਸ ਜ਼ਿਲ੍ਹੇ ਦੇ ਵੋਟਰਾਂ ਨੇ ਆਪਣੀ ਤਹਿਜ਼ੀਬ ਅਨੁਸਾਰ ਇੱਕ ਸੀਟ ਭਾਜਪਾ ਨੂੰ, ਦੂਜੀ ਕਾਂਗਰਸ ਨੂੰ ਅਤੇ ਤੀਜੀ ਆਮ ਆਦਮੀ ਪਾਰਟੀ ਨੂੰ ਦੇ ਕੇ ਤਿੰਨਾਂ ਪਾਰਟੀਆਂ ਨੂੰ ‘ਖ਼ੁਸ਼’ ਕਰ ਦਿੱਤਾ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਜੋ ਪਠਾਨਕੋਟ ਤੋਂ ਉਮੀਦਵਾਰ ਸਨ, ਆਪਣਾ ‘ਘਰ’ ਬਚਾਉਣ ਵਿੱਚ ਹੀ ਕਾਮਯਾਬ ਰਹੇ ਜਦੋਂਕਿ ਸੁਜਾਨਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਚੌਕਾ ਲਗਾਉਂਦੇ-ਲਗਾਉਂਦੇ ਕਲੀਨ ਬੋਲਡ ਹੋ ਗਏ। ਇੱਥੇ ਕਾਂਗਰਸ ਪਾਰਟੀ 15 ਸਾਲ ਬਾਅਦ ਮੁੜ ਕਬਜ਼ਾ ਕਰਨ ਵਿੱਚ ਕਾਮਯਾਬ ਹੋ ਗਈ। ਭਾਜਪਾ ਉਮੀਦਵਾਰ ਭੋਆ ਹਲਕੇ ਅੰਦਰ ਤੀਜੇ ਸਥਾਨ ’ਤੇ ਹੀ ਆ ਸਕੀ।
ਪ੍ਰਾਪਤ ਨਤੀਜਿਆਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪਠਾਨਕੋਟ ਹਲਕੇ ਤੋਂ ਭਾਵੇਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਵਿਭੂਤੀ ਸ਼ਰਮਾ ਜਿੱਤ ਤਾਂ ਨਹੀਂ ਸਕਿਆ ਪਰ ਉਹ 31,451 ਵੋਟਾਂ ਹਾਸਲ ਕਰ ਕੇ ਕਾਂਗਰਸ ਦੇ ਉਮੀਦਵਾਰ ਅਮਿਤ ਵਿੱਜ ਦੀ ਹਾਰ ਦਾ ਮੁੱਖ ਕਾਰਨ ਬਣਿਆ। ਅਮਿਤ ਵਿੱਜ 35,373 ਵੋਟਾਂ ਲੈ ਕੇ ਦੂਜੇ ਸਥਾਨ ’ਤੇ ਰਹੇ। ਇਸ ਵਾਰ ਅਸ਼ਵਨੀ ਸ਼ਰਮਾ ਦਾ ਵੋਟ ਫ਼ੀਸਦੀ ਘਟ ਗਿਆ ਹੈ।
ਸੁਜਾਨਪੁਰ ਹਲਕੇ ਅੰਦਰ 15 ਸਾਲ ਤੋਂ ਜੇਤੂ ਚੱਲੇ ਆ ਰਹੇ ਭਾਜਪਾ ਦੇ ਦਿਨੇਸ਼ ਬੱਬੂ ਨੂੰ ਵੀ ਇਸ ਵਾਰ ਹਾਰ ਦਾ ਮੂੰਹ ਦੇਖਣਾ ਪਿਆ। ਪ੍ਰਾਪਤ ਨਤੀਜਿਆਂ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਰਾਜਪੂਤ ਬਰਾਦਰੀ ਦੀਆਂ ਵੋਟਾਂ ਜੋ ਕਿ ਪਹਿਲਾਂ ਦਿਨੇਸ਼ ਸਿੰਘ ਬੱਬੂ ਲੈਂਦੇ ਰਹੇ, ਇਸ ਵਾਰ ਦਿਨੇਸ਼ ਸਿੰਘ ਬੱਬੂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਿਤ ਸਿੰਘ ਮੰਟੂ ਦਰਮਿਆਨ ਵੰਡੀਆਂ ਗਈਆਂ। ਇਸ ਕਰ ਕੇ ਕਾਂਗਰਸ ਦੇ ਨਰੇਸ਼ ਪੁਰੀ 45,983 ਵੋਟਾਂ ਲੈ ਕੇ ਜੇਤੂ ਹੋ ਨਿੱਬੜੇ।
ਭੋਆ ਹਲਕੇ ਅੰਦਰ ਕਾਂਗਰਸ ਪਾਰਟੀ ਦੇ ਉਮੀਦਵਾਰ ਜੋਗਿੰਦਰ ਪਾਲ ਦੇ ਪਿਛਲੇ 5 ਸਾਲ ਦੇ ਕਾਰਜਕਾਲ ਸਮੇਂ ਥੱਪੜ ਕਾਂਡ ਅਤੇ ਦਬੰਗ ਰਾਜਨੀਤੀ ਨੂੰ ਲੋਕਾਂ ਨੇ ਤਿਲਾਂਜਲੀ ਦੇ ਦਿੱਤੀ ਤੇ ਆਮ ਆਦਮੀ ਪਾਰਟੀ ਦੇ ਲਾਲ ਚੰਦ ਕਟਾਰੂਚੱਕ ਨੂੰ ਜਿੱਤ ਦਾ ਥਾਪੜਾ ਦੇ ਦਿੱਤਾ। ਇੱਥੋਂ ਭਾਜਪਾ ਦੀ ਉਮੀਦਵਾਰ ਸੀਮਾ ਕੁਮਾਰੀ ਮਹਿਜ਼ 28,484 ਵੋਟਾਂ ਹੀ ਲੈ ਸਕੀ। ਜੇਤੂ ਉਮੀਦਵਾਰ ਲਾਲ ਚੰਦ ਕਟਾਰੂਚੱਕ 49,504 ਵੋਟਾਂ ਲੈ ਗਏ ਅਤੇ ਕਾਂਗਰਸ ਦੇ ਜੋਗਿੰਦਰ ਪਾਲ 48,399 ਵੋਟਾਂ ਲੈ ਕੇ ਦੂਜੇ ਸਥਾਨ ’ਤੇ ਰਹੇ।