ਕੇ.ਪੀ. ਸਿੰਘ
ਗੁਰਦਾਸਪੁਰ, 3 ਸਤੰਬਰ
ਕਾਲੇ ਸ਼ੀਸ਼ਿਆਂ ਵਾਲੀ ਕਾਰ ਚਲਾ ਰਹੀ ਔਰਤ ਨੇ ਅੱਜ ਉਸ ਸਮੇਂ ਪੁਲੀਸ ਦੀ ਕਰੀਬ ਇੱਕ ਘੰਟਾ ਕਸਰਤ ਕਰਵਾਈ ਜਦੋਂ ਪੁਲੀਸ ਨੇ ਉਸ ਨੂੰ ਰੋਕ ਕੇ ਕਾਰ ਦੇ ਕਾਗ਼ਜ਼ਾਤ ਦਿਖਾਉਣ ਲਈ ਕਿਹਾ। ਪੁਲੀਸ ਵੱਲੋਂ ਰੋਕੇ ਜਾਣ ਮਗਰੋਂ ਸੈਂਟਰੋ ਕਾਰ ਚਲਾ ਰਹੀ ਇਸ ਔਰਤ ਨੇ ਕਾਰ ਨੂੰ ਅੰਦਰੋਂ ਲੌਕ ਕਰ ਕੇ ਇਸ ਦੇ ਸ਼ੀਸ਼ੇ ਉੱਪਰ ਕਰ ਲਏ।
ਜਾਣਕਾਰੀ ਅਨੁਸਾਰ ਸਿਟੀ ਥਾਣਾ ਮੁਖੀ ਗੁਰਮੀਤ ਸਿੰਘ ਨੇ ਸ਼ਹਿਰ ਵਿੱਚ ਗਸ਼ਤ ਦੌਰਾਨ ਇੱਕ ਸੈਂਟਰੋ ਕਾਰ ਦੇਖੀ ਜਿਸ ਦੇ ਸ਼ੀਸ਼ਿਆਂ ’ਤੇ ਕਾਲੀ ਫ਼ਿਲਮ ਸੀ। ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤੇ ਜਾਣ ’ਤੇ ਜਦ ਕਾਰ ਚਾਲਕ ਨੇ ਕਾਰ ਨਾ ਰੋਕੀ ਤਾਂ ਕਾਹਨੂੰਵਾਨ ਚੌਕ ਵਿੱਚ ਇਸ ਕਾਰ ਨੂੰ ਪੁਲੀਸ ਟੀਮ ਵੱਲੋਂ ਰੋਕ ਲਿਆ ਗਿਆ। ਕਾਰ ਚਾਲਕ ਔਰਤ ਤੋਂ ਕਾਰ ਦੇ ਕਾਗ਼ਜ਼ਾਤ ਮੰਗੇ ਗਏ ਅਤੇ ਕਿਹਾ ਗਿਆ ਕਿ ਕਾਰ ਦੇ ਸ਼ੀਸ਼ਿਆਂ ’ਤੇ ਲੱਗੀ ਫ਼ਿਲਮ ਉਤਾਰਨੀ ਹੋਵੇਗੀ। ਇਸ ’ਤੇ ਔਰਤ ਨੇ ਕਾਰ ਦੇ ਸਾਰੇ ਸ਼ੀਸ਼ੇ ਉਤਾਂਹ ਕਰ ਕੇ ਗੱਡੀ ਨੂੰ ਅੰਦਰ ਤੋਂ ਲੌਕ ਕਰ ਲਿਆ। ਪੁਲੀਸ ਵੱਲੋਂ ਕਾਫ਼ੀ ਦੇਰ ਔਰਤ ਤੋਂ ਕਾਰ ਦੇ ਕਾਗ਼ਜ਼ਾਤ ਦਿਖਾਉਣ ਦੀ ਮੰਗ ਕੀਤੀ ਗਈ ਪਰ ਉਸ ਨੇ ਕਾਰ ਦਾ ਦਰਵਾਜ਼ਾ ਨਹੀਂ ਖੋਲ੍ਹਿਆ। ਕਰੀਬ ਇੱਕ ਘੰਟੇ ਬਾਅਦ ਇਸ ਔਰਤ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ। ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਔਰਤ ਕਾਰ ਦੇ ਕੋਈ ਕਾਗ਼ਜ਼ਾਤ ਨਹੀਂ ਦਿਖਾ ਸਕੀ। ਇਸ ਮਗਰੋਂ ਕਾਰ ਦੀ ਤਲਾਸ਼ੀ ਲਈ ਗਈ ਪਰ ਕਾਰ ਵਿੱਚੋਂ ਕੁਝ ਇਤਰਾਜ਼ਯੋਗ ਨਹੀਂ ਮਿਲਿਆ। ਕਾਰ ਦੀ ਨੰਬਰ ਪਲੇਟ ’ਤੇ ਲਿਖੇ ਨੰਬਰ ਦੀ ਜਦ ਪੜਤਾਲ ਕੀਤੀ ਗਈ ਤਾਂ ਇਹ ਨੰਬਰ ਕਿਸੇ ਟਰੱਕ ਦਾ ਸੀ। ਪੁਲੀਸ ਨੇ ਇਸ ਸੈਂਟਰੋ ਕਾਰ ਨੂੰ ਜ਼ਬਤ ਕਰ ਲਿਆ।
ਜਦ ਕਾਰ ਸਵਾਰ ਔਰਤ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਦੇ ਪਿਤਾ ਹਸਪਤਾਲ ਦਾਖਲ ਹਨ ਅਤੇ ਉਹ ਉਨ੍ਹਾਂ ਨੂੰ ਰੋਟੀ ਦੇ ਕੇ ਆ ਰਹੀ ਸੀ ਪੁਲੀਸ ਨੇ ਉਸ ਨਾਲ ਦੁਰਵਿਹਾਰ ਕੀਤਾ ਹੈ। ਕਾਰ ’ਤੇ ਲੱਗੀ ਕਾਲੀ ਫ਼ਿਲਮ ਬਾਰੇ ਉਸ ਨੇ ਕਿਹਾ ਕਿ ਇਹ ਉਸ ਦੇ ਬੱਚਿਆਂ ਨੇ ਲਗਾਈ ਸੀ। ਉਸ ਨੇ ਪੁਲੀਸ ਨੂੰ ਕਿਹਾ ਸੀ ਕਿ ਉਹ ਫ਼ਿਲਮ ਲਾਹ ਦੇਵੇਗੀ ਅਤੇ ਉਸ ਦੀ ਕਾਰ ਦੇ ਕਾਗ਼ਜ਼ਾਤ ਘਰ ਪਏ ਹਨ ਪਰ ਪੁਲੀਸ ਨੇ ਜਾਣ ਬੁੱਝ ਕੇ ਉਸ ਨੂੰ ਪ੍ਰੇਸ਼ਾਨ ਕੀਤਾ ਹੈ । ਉਸ ਨੇ ਕਿਹਾ ਕਿ ਕਾਰ ਉਸ ਦੇ ਨਾਂ ’ਤੇ ਹੈ ਅਤੇ ਬੀਤੇ ਲੰਬੇ ਸਮੇਂ ਤੋਂ ਉਹ ਇਹ ਕਾਰ ਚਲਾ ਰਹੀ ਹੈ।