ਪੱਤਰ ਪ੍ਰੇਰਕ
ਤਰਨ ਤਾਰਨ, 15 ਅਕਤੂਬਰ
ਇਲਾਕੇ ਦੇ ਪਿੰਡ ਮੁੰਡਾਪਿੰਡ ’ਤੇ ਦਰਿਆ ਬਿਆਸ ਅੰਦਰ ਸੰਪਰਦਾ ਸਰਹਾਲੀ ਦੇ ਮੁਖੀ ਬਾਬਾ ਸੁੱਖਾ ਸਿੰਘ ਦੀ ਅਗਵਾਈ ਵਿੱਚ ਪਿਛਲੇ ਕਈ ਦਿਨਾਂ ਤੋਂ ਸੰਗਤਾਂ ਦੇ ਸਹਿਯੋਗ ਨਾਲ ਆਰਜ਼ੀ ਬੰਨ੍ਹ ਬੰਨ੍ਹੇ ਜਾਣ ਲਈ ਚੱਲ ਰਹੀ ਕਾਰ ਸੇਵਾ ਦਾ ਕਾਰਜ ਅੱਜ ਸੰਪਨ ਕਰ ਲਿਆ ਗਿਆ| ਇਸ ਕਾਰਜ ਦੇ ਮੁਕੰਮਲ ਹੋਣ ’ਤੇ ਬਾਬਾ ਸੁੱਖਾ ਸਿੰਘ ਦੀ ਅਗਵਾਈ ਵਿੱਚ ਇਲਾਕਾ ਵਾਸੀਆਂ ਦਾ ਇਕੱਠ ਅੱਜ ਦਰਿਆ ਦੇ ਮੰਡ ਖੇਤਰ ਅੰਦਰ ਕੀਤਾ ਗਿਆ| ਉਨ੍ਹਾਂ ਇਲਾਕੇ ਦੀਆਂ ਸੰਗਤਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ| ਜ਼ਿਕਰਯੋਗ ਹੈ ਕਿ ਦਰਿਆ ਬਿਆਸ ਦੇ ਮੁੰਡਾਪਿੰਡ ਖੇਤਰ ਵਿੱਚ ਪਹਿਲਾਂ ਤੋਂ ਲੱਗਾ ਆਰਜ਼ੀ ਪੁਲ ਅਚਾਨਕ ਟੁੱਟ ਗਿਆ ਸੀ, ਜਿਸ ਨਾਲ ਇਸ ਖੇਤਰ ਦੇ ਸੈਂਕੜੇ ਕਿਸਾਨਾਂ ਦੀਆਂ ਫਸਲਾਂ ਪਾਣੀ ਦੀ ਮਾਰ ਹੇਠ ਆ ਗਈਆਂ ਸਨ, ਜਿਸ ਨੂੰ ਬਚਾਉਣ ਲਈ ਬਾਬਾ ਸੁੱਖਾ ਸਿੰਘ ਯਤਨਸ਼ੀਲ ਰਹੇ| ਸੰਗਤਾਂ ਨੇ ਇਸ ਕਾਰਜ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰੀ ਧਿਰ ਵਲੋਂ ਕਿਸਾਨਾਂ ਦੀ ਸਾਰ ਨਾ ਲਏ ਜਾਣ ’ਤੇ ਨਿਰਾਸ਼ਾ ਜ਼ਾਹਰ ਕੀਤੀ|