ਐਨਪੀ. ਧਵਨ
ਪਠਾਨਕੋਟ, 17 ਮਾਰਚ
ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰ ਹੀ ਨਗਰ ਸੁਧਾਰ ਟਰੱਸਟ ਦੇ ਪ੍ਰਸ਼ਾਸਨ ਨੇ ਇਥੇ ਸ਼ੈਲੀ ਰੋਡ ’ਤੇ ਨਗਰ ਸੁਧਾਰ ਟਰੱਸਟ ਦੀ ਜਗ੍ਹਾ ’ਤੇ ਕਾਂਗਰਸ ਪਾਰਟੀ ਦੇ ਇੱਕ ਟਰਸਟੀ ਮੈਂਬਰ ਤੇ ਕਾਰਪੋਰੇਟਰ ਦੇ ਪਰਿਵਾਰ ਵੱਲੋਂ ਕੀਤਾ ਨਾਜਾਇਜ਼ ਕਬਜ਼ਾ ਜੇਸੀਬੀ ਮਸ਼ੀਨ ਦਾ ਪੀਲਾ ਪੰਜਾ ਚਲਾ ਕੇ ਹਟਾ ਦਿੱਤਾ। ਪ੍ਰਸ਼ਾਸਨ ਦੀ ਅੱਜ ਕੀਤੀ ਗਈ ਇਸ ਕਾਰਵਾਈ ਦੀ ਸਾਰੇ ਸ਼ਹਿਰ ’ਚ ਖੂਬ ਚਰਚਾ ਰਹੀ ਕਿ ਹੁਣ ਕਾਂਗਰਸੀਆਂ ਦੀਆਂ ਮਨਮਾਨੀਆਂ ਨਹੀਂ ਚੱਲਣਗੀਆਂ। ਜ਼ਿਕਰਯੋਗ ਹੈ ਕਿ ਇਹ ਮਾਮਲਾ ਕਾਂਗਰਸ ਦੀ ਹਕੂਮਤ ਵੇਲੇ ਪਿਛਲੇ ਸਾਲ 14 ਸਤੰਬਰ ਨੂੰ ਗਰਮਾਇਆ ਸੀ ਪਰ ਉਸ ਵੇਲੇ ਕਾਂਗਰਸੀ ਵਿਧਾਇਕ ਅਮਿਤ ਵਿੱਜ ਵੱਲੋਂ ਦਬਾਅ ਦਿੱਤ਼ਾ ਗਿਆ ਸੀ।
ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਅਨੁਸਾਰ ਕੁਝ ਸਾਲ ਪਹਿਲਾਂ ਟਰੱਸਟ ਨੇ ਗਰੀਬ ਲੋਕਾਂ ਨੂੰ ਰਿਹਾਇਸ਼ ਲਈ ਸ਼ੈਲੀ ਰੋਡ ’ਤੇ ਟਰੱਕ ਯੂਨੀਅਨ ਦੇ ਨਾਲ ਲੱਗਦੀ ਜ਼ਮੀਨ ਵਿੱਚੋਂ 2-2 ਮਰਲੇ ਦੇ ਪਲਾਟ ਅਲਾਟ ਕੀਤੇ ਸਨ। ਇਨ੍ਹਾਂ ਪਲਾਟਾਂ ਵਿੱਚੋਂ ਇੱਕ ਪਲਾਟ ਮੌਜੂਦਾ ਟਰੱਸਟੀ ਤੇ ਕਾਰਪੋਰੇਟਰ ਵਿਜੇ ਭਗਤ ਦੇ ਪਿਤਾ ਦਾ ਵੀ ਸੀ ਪਰ ਕਾਰਪੋਰੇਟਰ ਵਿਜੇ ਭਗਤ ਨੇ ਕਥਿਤ ਤੌਰ ’ਤੇ ਆਪਣੇ 2 ਮਰਲੇ ਦੇ ਪਲਾਟ ਨਾਲ ਲੱਗਦੇ ਹੋਰ 2 ਮਰਲੇ ਦੇ ਪਲਾਟ ’ਤੇ ਵੀ ਕਬਜ਼ਾ ਕਰ ਲਿਆ ਸੀ। ਅੱਜ ਟਰੱਸਟ ਦੇ ਐਸਡੀਓ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਟੀਮ ਤੇ ਪੁਲੀਸ ਜੇਸੀਬੀ ਮਸ਼ੀਨ ਲੈ ਕੇ ਇਸ ਜਗ੍ਹਾ ਪੁੱਜੀ ਤੇ ਪੀਲਾ ਪੰਜਾ ਚਲਾ ਕੇ ਨਜਾਇਜ਼ ਕਬਜ਼ਾ ਹਟਾ ਦਿੱਤਾ। ਇਸ ਮੌਕੇ ਨਾਇਬ ਤਹਿਸੀਲਦਾਰ ਰਾਜ ਕੁਮਾਰ ਵੀ ਹਾਜ਼ਰ ਸਨ। ਹਾਲਾਂਕਿ ਕਬਜ਼ਾ ਕਰਨ ਵਾਲੇ ਟਰਸਟੀ ਪਰਿਵਾਰ ਦੇ ਕਿਸ਼ਨ ਚੰਦ ਵੀ ਉਥੇ ਪੁੱਜੇ ਤੇ ਉਨ੍ਹਾਂ ਟਰੱਸਟ ਅਧਿਕਾਰੀਆਂ ਉਪਰ ਧੱਕੇਸ਼ਾਹੀ ਦਾ ਦੋਸ਼ ਲਾਇਆ। ਪੁੱਛੇ ਜਾਣ ’ਤੇ ਉਨ੍ਹਾਂ ਮੰਨਿਆ ਕਿ ਜਿਸ ਨਿਰਮਾਣ ਨੂੰ ਢੇਰੀ ਕੀਤਾ ਗਿਆ ਹੈ, ਉਥੇ ਉਨ੍ਹਾਂ ਦਾ ਕਬਜ਼ਾ ਸੀ ਪਰ ਇਸ ਦੇ ਬਦਲੇ ’ਚ ਉਹ ਪੈਸੇ ਭਰਨ ਨੂੰ ਵੀ ਤਿਆਰ ਸਨ ਪਰ ਟਰੱਸਟ ਅਧਿਕਾਰੀਆਂ ਨੇ ਇਹ ਕਾਰਵਾਈ ਕਰਨ ਤੋਂ ਪਹਿਲਾਂ ਨਾ ਤਾਂ ਉਨ੍ਹਾਂ ਨੂੰ ਕੋਈ ਨੋਟਿਸ ਦਿੱਤਾ ਤੇ ਨਾ ਹੀ ਪੈਸੇ ਭਰਨ ਦਾ ਮੌਕਾ। ਜਿਸ ਕਰਕੇ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ।
ਨਗਰ ਸੁਧਾਰ ਟਰੱਸਟ ਦੇ ਐੱਸਡੀਓ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਮਨਜ਼ੂਰੀ ਨਾਲ ਇਹ ਨਾਜਾਇਜ਼ ਕਬਜ਼ਾ ਹਟਾਇਆ ਗਿਆ ਹੈ।