ਪੱਤਰ ਪ੍ਰੇਰਕ
ਗੁਰਦਾਸਪੁਰ, 6 ਅਕਤੂਬਰ
ਪਰਾਲੀ ਨੂੰ ਖੇਤਾਂ ਅੰਦਰ ਸਾੜਨ ਤੋਂ ਰੋਕਣ ਦੇ ਉਪਰਾਲੇ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਹੰਭਲਾ ਸਦਕਾ ਬੇਲਰ ਦੀ ਮਦਦ ਨਾਲ ਖੇਤਾਂ ਅੰਦਰੋਂ ਪਰਾਲੀ ਸਮੇਟਣ ਦੇ ਲਈ ਵਾਲੰਟੀਅਰ ਨੌਜਵਾਨਾਂ ਦਾ ਸਮੂਹ ਤਿਆਰ ਹੋਇਆ ਹੈ। ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵੱਲੋਂ ਸਥਾਨਕ ਪੰਚਾਇਤ ਭਵਨ ਵਿੱਚ ਕਿਸਾਨਾਂ ਅਤੇ ਇਲਾਕੇ ਦੇ ਮੋਹਤਬਰਾਂ ਨਾਲ ਮੀਟਿੰਗ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨ ਨੇ ਦੱਸਿਆ ਕਿ ਪਰਾਲੀ ਦੀ ਸੰਭਾਲ ਲਈ ਜ਼ਿਲ੍ਹੇ ਵਿੱਚ ਕੁਝ ਨੌਜਵਾਨ ਅੱਗੇ ਆਏ ਹਨ, ਜੋ ਕਿਸਾਨਾਂ ਦੇ ਖੇਤਾਂ ਵਿੱਚੋਂ ਬੇਲਰ ਦੀ ਮਦਦ ਨਾਲ ਪਰਾਲੀ ਦੀਆਂ ਗੱਠਾਂ ਬਣਾ ਕੇ ਪਰਾਲੀ ਨੂੰ ਇਕੱਠਾ ਕਰਨਗੇ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਆਪਣੇ ਪੱਧਰ ਉੱਤੇ ਪਰਾਲੀ ਦਾ ਨਿਪਟਾਰਾ ਨਹੀਂ ਕਰ ਸਕਦੇ ਹਨ, ਉਹ ਇਨ੍ਹਾਂ ਨੌਜਵਾਨਾਂ ਦੀ ਸਹਾਇਤਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਧਾਰੀਵਾਲ ਦੇ ਨੌਜਵਾਨ ਤੇਜਬੀਰ ਸਿੰਘ ਅਤੇ ਉਸ ਦੇ ਹੋਰ ਸਾਥੀਆਂ ਨੇ ਮਿਲ ਕੇ ਇੱਕ ਗਰੁੱਪ ਬਣਾਇਆ ਹੈ, ਉਨ੍ਹਾਂ ਦੱਸਿਆ ਕਿ ਕਿਸਾਨਾਂ ਕੋਲੋਂ ਕੋਈ ਖ਼ਰਚਾ ਨਹੀਂ ਲਿਆ ਜਾਵੇਗਾ ਅਤੇ ਮੁਫ਼ਤ ਸੇਵਾ ਹੋਵੇਗੀ। ਕਿਸਾਨ ਖੁਦ ਵੀ ਪਰਾਲੀ ਨੂੰ ਬੇਲਰ ਰਾਹੀਂ ਗੱਠਾਂ ਬਣਾ ਕੇ ਨਿੱਜੀ ਕੰਪਨੀਆਂ ਤੇ ਫੈਕਟਰੀਆਂ ਨੂੰ ਬਾਲਣ ਵੇਚ ਸਕਦੇ ਹਨ।ਸਮੂਹ ਦੇ ਮੁਖੀ ਤੇਜਬੀਰ ਸਿੰਘ ਨੇ ਦੱਸਿਆ ਕਿ ਗੱਠਾਂ ਇੱਕ ਥਾਂ ਉੱਤੇ ਇਕੱਠਾ ਕਰਕੇ ਬਾਅਦ ਬਾਇਓ-ਬਾਲਣ ਅਤੇ ਹੋਰ ਵਰਤੋਂ ਲਈ ਸਪਲਾਈ ਕਰਨਗੇ।