ਸਰਬਜੀਤ ਸਾਗਰ
ਦੀਨਾਨਗਰ, 31 ਜਨਵਰੀ
ਦੀਨਾਨਗਰ ਤੋਂ ਮੀਰਥਲ ਵੱਲ ਜਾਂਦਿਆਂ ਪਿੰਡ ਧਮਰਾਈ ਨਹਿਰ ’ਤੇ ਨਵਾਂ ਬਣੇ ਪੁਲ ਵਿੱਚ ਅੱਜ ਅਚਾਨਕ ਪਾੜ ਪੈ ਗਿਆ ਅਤੇ ਪਾੜ ਪੈਣ ਕਾਰਨ ਸੈਂਕੜੇ ਪਿੰਡਾਂ ਨੂੰ ਜੋੜਦਾ ਇਹ ਮੁੱਖ ਮਾਰਗ ਸਾਰਾ ਦਿਨ ਪ੍ਰਭਾਵਿਤ ਰਿਹਾ।
ਹੈਰਾਨੀ ਦੀ ਗੱਲ ਇਹ ਹੈ ਕਿ ਪੁਲ ਨੂੰ ਬਣਿਆਂ ਅਜੇ ਮਸਾਂ 6 ਮਹੀਨੇ ਹੀ ਹੋਏ ਹਨ ਅਤੇ ਇਸ ਦੇ ਇਸ ਤਰ੍ਹਾਂ ਨੁਕਸਾਨੇ ਜਾਣ ਕਾਰਨ ਸਬੰਧਿਤ ਵਿਭਾਗ ਦੀ ਕਾਰਜਪ੍ਰਣਾਲੀ ’ਤੇ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਉੱਧਰ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਯਸ਼ਪਾਲ ਕੌਂਡਲ ਅਤੇ ਮੰਡਲ ਪ੍ਰਧਾਨ ਸ਼ੈਂਪੀ ਸੋਹਲ ਨੇ ਪੁਲ ਦੇ ਟੁੱਟਣ ਪਿੱਛੇ ਸਿੱਧੇ ਤੌਰ ’ਤੇ ਪੀਡਬਲਯੂਡੀ ਵਿਭਾਗ ਨੂੰ ਕਸੂਰਵਾਰ ਠਹਿਰਾਉਂਦਿਆਂ ਮਾਮਲੇ ਦੀ ਉੱਚ ਪੱਧਰੀ ਜਾਂਚ ਮੰਗੀ ਹੈ। ਭਾਜਪਾ ਆਗੂਆਂ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਨੁਕਸਾਨੇ ਗਏ ਪੁਲ ਦਾ ਜਾਇਜ਼ਾ ਲਿਆ ਅਤੇ ਦੋਸ਼ ਲਗਾਇਆ ਕਿ ਵਿਭਾਗ ਵੱਲੋਂ ਘਟੀਆ ਸਮੱਗਰੀ ਵਰਤਣ ਕਾਰਨ ਪੁਲ ਵਿਚਾਲੇ ਵੱਡਾ ਪਾੜ ਪਿਆ ਹੈ ਅਤੇ ਆਸੇ ਪਾਸੇ ਤਰੇੜਾਂ ਵੀ ਆਈਆਂ ਹਨ।
ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਲੋਕ ਨਿਰਮਾਣ ਮੰਤਰੀ ਨੂੰ ਤੁਰੰਤ ਐਕਸ਼ਨ ਲੈ ਕੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਦੀਨਾਨਗਰ ਤੋਂ ਮੀਰਥਲ ਤੱਕ ਕਰੋੜਾਂ ਰੁਪਏ ਦੀ ਲਾਗਤ ਨਾਲ ਸੀਮਿੰਟ ਵਾਲਾ ਰੋਡ ਅਤੇ ਰਸਤੇ ਵਿੱਚ ਕੁਝ ਪੁਲ ਬਣਾਉਣ ਦਾ ਪ੍ਰਾਜੈਕਟ ਪਿਛਲੇ ਕਈ ਸਾਲਾਂ ਤੋਂ ਹੌਲੀ ਚਾਲ ਨਾਲ ਚੱਲਦਾ ਆ ਰਿਹਾ ਹੈ, ਜੋ ਅਜੇ ਤੱਕ ਵੀ ਮੁਕੰਮਲ ਨਹੀਂ ਹੋਇਆ ਹੈ। ਇਸੇ ਰੋਡ ’ਤੇ ਧਮਰਾਈ ਪੁਲ ’ਤੇ ਪੁਰਾਣੇ ਖ਼ਸਤਾ ਹਾਲਤ ਪੁਲ ਨੂੰ ਦੇਖਦਿਆਂ ਨਵਾਂ ਪੁਲ ਉਸਾਰਿਆ ਗਿਆ ਸੀ ਪਰ ਲੋਕਾਂ ਦਾ ਚਾਅ ਲੱਥਣ ਤੋਂ ਪਹਿਲਾਂ ਹੀ ਇਹ ਪੁਲ 6 ਮਹੀਨਿਆਂ ਦੇ ਅੰਦਰ ਹੀ ਜਵਾਬ ਦੇ ਗਿਆ ਹੈ। ਜਾਣਕਾਰੀ ਅਨੁਸਾਰ ਪੁਲ ਦੇ ਨੁਕਸਾਨੇ ਜਾਣ ਕਾਰਨ ਅੱਜ ਸਾਰਾ ਦਿਨ ਆਵਾਜਾਈ ਪ੍ਰਭਾਵਿਤ ਰਹੀ ਅਤੇ ਲੋਕ ਪੁਲ ਦੇ ਇੱਕ ਪਾਸਿਓਂ ਅਤੇ ਪੁਰਾਣੇ ਪੁਲ ਤੋਂ ਡਰਦੇ ਹੋਏ ਲੰਘਦੇ ਦੇਖੇ ਗਏ।
ਐੱਸਡੀਓ ਵੱਲੋਂ ਜਾਂਚ ਦਾ ਭਰੋਸਾ
ਵਿਭਾਗ ਦੇ ਐਸਡੀਓ ਰਾਘਵ ਖਜੂਰੀਆ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਫਿਲਹਾਲ ਉਹ ਜਾਂਚ ਕਰਵਾਉਣਗੇ ਅਤੇ ਬਾਅਦ ਵਿੱਚ ਹੀ ਪੂਰੀ ਜਾਣਕਾਰੀ ਦੇਣਗੇ।