ਨਿੱਜੀ ਪੱਤਰ ਪ੍ਰੇਰਕ
ਬਟਾਲਾ, 26 ਦਸੰਬਰ
ਸ਼ਿਵ ਕੁਮਾਰ ਬਟਾਲਵੀਂ ਅਤੇ ਸਭਿਆਚਾਰਕ ਸੁਸਾਇਟੀ ਬਟਾਲਾ ਵੱਲੋਂ ਡਾ. ਬਲਜੀਤ ਸਿੰਘ ਢਿੱਲੋਂ ਦੀ ਪੁਸਤਕ ‘ਤੇਰਾ ਚਿਰਾਗ਼’ ਰਿਲੀਜ਼ ਕੀਤੀ ਗਈ। ਨਾਵਲਕਾਰ ਡਾ. ਜੋਗਿੰਦਰ ਸਿੰਘ ਕੈਰੋਂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫਸਰ ਡਾ. ਪਰਮਜੀਤ ਸਿੰਘ ਕਲਸੀ ਤੇ ਡਾ. ਗੁਰਵੰਤ ਸਿੰਘ ਨੇ ਕਹਾਣੀ ਸੰਗ੍ਰਹਿ ’ਤੇ ਪੇਪਰ ਪੜ੍ਹਿਆ। ਮਗਰੋਂ ਕਵੀ ਦਰਬਾਰ ਹੋਇਆ। ਸੁਸਾਇਟੀ ਪ੍ਰਧਾਨ ਡਾ. ਰਵਿੰਦਰ, ਲੇਖਕ ਦੇਵਿੰਦਰ ਦੀਦਾਰ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਨੇ ਪਰਚਿਆਂ ਤੇ ਕਹਾਣੀਆਂ ’ਤੇ ਆਪਣੇ ਵਿਚਾਰ ਰੱਖਦਿਆਂ ਕਹਾਣੀਆਂ ਵਿੱਚ ਸਰਲ ਅਤੇ ਧਰਾਤਲ ਨਾਲ ਜੁੜੀ ਬੋਲੀ ਦੀ ਸ਼ਲਾਘਾ ਕੀਤੀ। ਡਾ. ਬਲਜੀਤ ਸਿੰਘ ਢਿੱਲੋਂ ਨੇ ਆਪਣੀ ਰਚਨਾ ਪ੍ਰਕਿਰਿਆ ਤੇ ਕਹਾਣੀਆ ਵਿਚਲੀਆਂ ਪਰਤਾਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ। ਡਾ. ਕੈਰੋਂ ਨੇ ਕਹਾਣੀਆਂ ਵਿਚਲੇ ਤੱਤਾਂ ਤੇ ਲੋਕ ਵਿਰਸੇ ਨਾਲ ਜੁੜੇ ਸਰੋਕਾਰਾਂ ਬਾਰੇ ਚਾਨਣਾ ਪਾਇਆ।ਇਸ ਮੌਕੇ ਤ੍ਰੈਮਾਸਿਕ ‘ਅੱਖਰ’ ਰਿਲੀਜ਼ ਕਰਨ ਦੀ ਰਸਮ ਵੀ ਅਦਾ ਕੀਤੀ ਗਈ। ਸਮਾਗਮ ਦੇ ਦੂਸਰੇ ਪੜਾਅ ਵਿੱਚ ਹੋਏ ਕਵੀ ਦਰਬਾਰ ਵਿੱਚ ਡਾ. ਰਵਿੰਦਰ, ਅਜੀਤ ਕਮਲ, ਡਾ. ਵਿਕਰਮ, ਜਗਤਾਰ ਗਿੱਲ ਨੇ ਕਵਿਤਾਵਾਂ ਪੇਸ਼ ਕੀਤੀਆਂ।