ਪੱਤਰ ਪ੍ਰੇਰਕ
ਪਠਾਨਕੋਟ, 31 ਦਸੰਬਰ
ਪੁਲੀਸ ਥਾਣਾ ਮਾਮੂਨ ਕੈਂਟ ਅਧੀਨ ਆਉਂਦੇ ਖੇਤਰ ਹਰਿਆਲ ਵਿੱਚ ਚੋਰਾਂ ਨੇ ਰਾਤ ਸਮੇਂ ਅੱਠ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਇੱਕ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਚੋਰ ਦੀ ਇੱਕ ਫੁਟੇਜ ਵੀ ਰਿਕਾਰਡ ਹੋਈ ਹੈ, ਜੋ ਚੋਰ ਦੇ ਦੁਕਾਨ ਅੰਦਰ ਦਾਖਲ ਹੋਣ ਤੋਂ ਪਹਿਲਾਂ ਦੀ ਹੈ। ਇਸ ਸੀਸੀਟੀਵੀ ਫੁਟੇਜ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈ ਕੇ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਚੋਰਾਂ ਨੇ ਮੈਡੀਕਲ ਸਟੋਰ, ਰੈਡੀਮੇਡ ਕੱਪੜਿਆਂ ਦੀ ਦੁਕਾਨ, ਐਨਕਾਂ ਦੀ ਦੁਕਾਨ, ਦੁਪਹੀਆ ਵਾਹਨ ਮਕੈਨਿਕ ਦੀ ਦੁਕਾਨ, ਫੋਟੋਗ੍ਰਾਫਰ ਆਦਿ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਮੈਡੀਕਲ ਸਟੋਰ ਦੇ ਮਾਲਕ ਅਨੂਪ ਕੁਮਾਰ ਚੌਹਾਨ ਨੇ ਦੱਸਿਆ ਕਿ ਬੀਤੀ ਰਾਤ 8-9 ਵਜੇ ਦੇ ਕਰੀਬ ਉਹ ਸਾਰੇ ਆਪਣੀਆਂ ਦੁਕਾਨਾਂ ਬੰਦ ਕਰ ਕੇ ਘਰ ਚਲੇ ਗਏ ਸਨ। ਅੱਜ ਜਦੋਂ ਉਹ ਦੁਕਾਨ ਖੋਲ੍ਹਣ ਲਈ ਸਵੇਰੇ ਪੁੱਜਿਆ ਤਾਂ ਦੇਖਿਆ ਕਿ ਉਸ ਦੀ ਦੁਕਾਨ ਦੇ ਸ਼ਟਰ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਐਲੂਮੀਨੀਅਮ ਫਿਟਿੰਗ ਦਾ ਸ਼ੀਸ਼ਾ ਤੋੜ ਕੇ ਚੋਰਾਂ ਨੇ ਦੁਕਾਨ ਦੇ ਗੱਲੇ ਵਿੱਚ ਪਏ ਲਗਪਗ ਪੰਜ ਹਜ਼ਾਰ ਰੁਪਏ ਅਤੇ ਇੱਕ ਮੋਬਾਈਲ ਫੋਨ ਚੋਰੀ ਕਰ ਲਿਆ ਸੀ। ਇਸੇ ਤਰ੍ਹਾਂ ਐਨਕਾਂ ਦੀ ਦੁਕਾਨ ਦੇ ਮਾਲਕ ਅੰਕੁਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਦੁਕਾਨ ’ਚੋਂ ਚੋਰਾਂ ਨੇ 30 ਹਜ਼ਾਰ ਰੁਪਏ ਮੁੱਲ ਦੀਆਂ ਐਨਕਾਂ ਅਤੇ ਦੁਕਾਨ ਦੇ ਮੰਦਰ ਵਿੱਚੋਂ 1100 ਰੁਪਏ ਚੋਰੀ ਕਰ ਲਏ ਜਦ ਕਿ ਦੁਪਹੀਆ ਵਾਹਨ ਦੇ ਮਕੈਨਿਕ ਸੰਜੈ ਕੁਮਾਰ ਨੇ ਦੱਸਿਆ ਕਿ ਚੋਰ ਦੁਕਾਨ ’ਚੋਂ 2000 ਰੁਪਏ ਚੋਰੀ ਕਰ ਕੇ ਲੈ ਗਏ। ਫੋਟੋਗ੍ਰਾਫਰ ਵਿਜੈ ਕੁਮਾਰ ਨੇ ਦੱਸਿਆ ਕਿ ਚੋਰ ਉਸ ਦੀ ਦੁਕਾਨ ਵਿੱਚੋਂ ਇੱਕ ਕੈਮਰਾ ਤੇ ਇੱਕ ਫਲੈਸ਼ ਲਾਈਟ ਚੋਰੀ ਕਰ ਕੇ ਲੈ ਗਏ ਜਦ ਕਿ ਰੈਡੀਮੇਡ ਕੱਪੜਿਆਂ ਦੀ ਦੁਕਾਨ ਦੇ ਮਾਲਕ ਸੌਰਵ ਕੁਮਾਰ ਨੇ ਦੱਸਿਆ ਕਿ ਚੋਰ ਉਸ ਦੀ ਦੁਕਾਨ ਵਿੱਚੋਂ ਨਵੇਂ ਕੱਪੜੇ ਅਤੇ ਬੂਟ ਤੇ ਜੁੱਤੀਆਂ ਚੋਰੀ ਕਰਕੇ ਲੈ ਗਏ। ਪੀੜਤ ਦੁਕਾਨਦਾਰਾਂ ਨੇ ਮਾਮੂਨ ਪੁਲੀਸ ਨੂੰ ਇਸ ਸਬੰਧੀ ਸ਼ਿਕਾਇਤ ਦੇ ਦਿੱਤੀ ਹੈ ਅਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।