ਪਾਲ ਸਿੰਘ ਨੌਲੀ
ਜਲੰਧਰ, 3 ਜੁਲਾਈ
ਕਰੋਨਾਵਾਇਰਸ ਦੀ ਤੀਜੀ ਲਹਿਰ ਨੂੰ ਰੋਕਣ ਲਈ ਪੇਸ਼ਬੰਦੀਆਂ ਕਰ ਰਹੇ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਮੈਗਾ ਵੈਕਸੀਨ ਕੈਂਪ ਦੌਰਾਨ 50 ਹਜ਼ਾਰ ਦੇ ਮਿੱਥੇ ਟੀਚੇ ਨੂੰ ਪਾਰ ਕਰਦਿਆਂ 65 ਹਜ਼ਾਰ ਦੇ ਕਰੀਬ ਟੀਕੇ ਲਾਏ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਮਿੱਥੇ ਟੀਚੇ ਤੋਂ ਅੰਕੜਾ ਪਾਰ ਕਰਨ ਲਈ ਸਮੂਹ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਟੀਕਾਕਰਨ ਵਿੱਚ ਇਕ ਹੋਰ ਪ੍ਰਾਪਤੀ ਹਾਸਲ ਕਰਦਿਆਂ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਲਗਭਗ 225 ਕੈਂਪ ਲਗਾ ਕੇ ਦਿਹਾਤੀ ਅਤੇ ਸ਼ਹਿਰੀ ਦੋਵਾਂ ਖੇਤਰਾਂ ਦੇ ਲਾਭਪਾਤਰੀਆਂ ਨੂੰ ਕਵਰ ਕਰਦੇ ਹੋਏ ਇਕ ਹੀ ਦਿਨ ਵਿੱਚ ਕੋਵਿਡ-19 ਟੀਕੇ ਦੀਆਂ 50,000 ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ, ਜਿਸ ਵਿੱਚ ਦਿਹਾਤੀ ਖੇਤਰਾਂ ਵਿੱਚ ਦਿੱਤੀਆਂ ਗਈਆਂ 23,000 ਖੁਰਾਕਾਂ ਵੀ ਸ਼ਾਮਲ ਹਨ। ਟੀਕਾਕਰਨ ਮੁਹਿੰਮ ਨੂੰ ਵੱਡੇ ਪੱਧਰ ’ਤੇ ਸਫਲ ਬਣਾਉਣ ਲਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਅੰਮਿ੍ਤਸਰ(ਜਗਤਾਰ ਸਿੰਘ ਲਾਂਬਾ): ਅੱਜ ਲਗਾਏ ਗਏ ਮੈਗਾ ਵੈਕਸੀਨ ਕੈਂਪਾਂ ਵਿੱਚ 42 ਹਜ਼ਾਰ ਤੋਂ ਵਧ ਵਿਅਕਤੀਆਂ ਨੇ ਕਰੋਨਾ ਟੀਕਾ ਲਗਵਾਏ ਹਨ। ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਅੱਜ ਪੂਰੇ ਜ਼ਿਲ੍ਹੇ ਵਿੱਚ ਕੋਵਿਡ-19 ਦੀ ਤੀਜੀ ਲਹਿਰ ਨੂੰ ਰੋਕਣ ਲਈ “ਮੇਰਾ ਵਚਨ 100 ਫੀਸਦੀ ਟੀਕਾਕਰਨ” ਮੁਹਿੰਮ ਤਹਿਤ ਜੰਗੀ ਪੱਧਰ ‘ਤੇ ਟੀਕਾਕਰਨ ਕੀਤਾ ਗਿਆ, ਜਿਸ ਤਹਿਤ ਲਗਾਏ ਗਏ ਕੈਂਪਾਂ ਵਿੱਚ 42000 ਤੋਂ ਵੱਧ ਲੋਕਾਂ ਨੂੰ ਕਰੋਨਾ ਦਾ ਟੀਕਾ ਲਗਾਇਆ ਗਿਆ, ਜਿਸ ਵਿੱਚ 11875 ਟੀਕੇ ਪਿੰਡਾਂ ਵਿੱਚ ਵੀ ਵਿਅਕਤੀਆਂ ਨੇ ਕੈਂਪਾਂ ਵਿੱਚ ਆ ਕੇ ਲਗਵਾਏ। ਹੁਸ਼ਿਆਰਪੁਰ(ਪੱਤਰਪ੍ਰੇਰਕ):ਜ਼ਿਲ੍ਹੇ ’ਚ ਲਗਾਏ ਮੈਗਾ ਟੀਕਾਕਰਨ ਕੈਂਪ ’ਚ ਅੱਜ 18 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਨੂੰ ਕੋਵੀਸ਼ੀਲਡ ਦੀ 76 ਹਜ਼ਾਰ ਤੋਂ ਵੱਧ ਡੋਜ਼ ਲਗਾ ਕੇ ਨਵਾਂ ਰਿਕਾਰਡ ਸਥਾਪਿਤ ਕੀਤਾ ਗਿਆ ਹੈ। ਅੱਜ ਜ਼ਿਲ੍ਹੇ ਵਿੱਚ ਪਹਿਲੀ ਵਾਰ ਇੰਨੀ ਵੱਡੀ ਮਾਤਰਾ ਵਿੱਚ ਲਾਭਪਾਤਰੀਆਂ ਦਾ ਕੋਵਿਡ ਟੀਕਾਕਰਨ ਕੀਤਾ ਗਿਆ ਹੈ। ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸਰਵਿਸਜ਼ ਕਲੱਬ ਹੁਸ਼ਿਆਰਪੁਰ ਵਿਚ ਕੋਵੀਸ਼ੀਲਡ ਦੀ ਦੂਜੀ ਡੋਜ਼ ਲਗਵਾ ਕੇ ਕੀਤੀ। ਇਸ ਦੌਰਾਨ ਉਨ੍ਹਾਂ ਟੀਕਾਕਰਨ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਡਿਊਟੀ ’ਤੇ ਤਾਇਨਾਤ ਮੈਡੀਕਲ ਸਟਾਫ਼ ਦਾ ਹੌਂਸਲਾ ਵਧਾਇਆ।
ਜਲੰਧਰ ਤੇ ਅੰ੍ਮ੍ਰਿਤਸਰ ਵਿੱਚ ਕਰੋਨਾ ਕਾਰਨ ਇੱਕ- ਇਕ ਮੌਤ
ਜਲੰਧਰ(ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿਚ ਅੱਜ ਇੱਕ ਕਰੋਨਾ ਪੀੜਤ ਮਰੀਜ਼ ਦੀ ਮੌਤ ਹੋ ਗਈ ਜਦੋਂਕਿ 24 ਨਵੇਂ ਪਾਜ਼ੇਟਿਵ ਮਰੀਜ਼ ਆਏ ਹਨ। ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਜ਼ਿਲ੍ਹੇ ਵਿੱਚ ਹੁਣ ਤੱਕ 1482 ਮੌਤਾਂ ਹੋ ਚੁੱਕੀਆਂ ਹਨ ਤੇ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 62,792 ਤੱਕ ਪਹੁੰਚ ਗਈ ਹੈ।
ਅੰਮ੍ਰਿਤਸਰ(ਟ੍ਰਿਬਿਊਨ ਨਿਊਜ਼ ਸਰਵਿਸ): ਕਰੋਨਾ ਦੇ ਕਾਰਨ ਅੱਜ ਇਥੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਇਸ ਦੌਰਾਨ 12 ਹੋਰ ਨਵੇਂ ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਕਰੋਨਾ ਕਾਰਨ 36 ਸਾਲਾਂ ਦੇ ਮਨੋਹਰ ਲਾਲ ਵਾਸੀ ਮਜੀਠਾ ਦੀ ਮੌਤ ਹੋਈ ਹੈ। ਹੁਣ ਤਕ 1569 ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਚੁੱਕੀ ਹੈ। ਇਸ ਵੇਲੇ ਕਰੋਨਾ ਦੇ 245 ਐਕਟਿਵ ਮਾਮਲੇ ਹਨ, ਜਿਨਾਂ ਦਾ ਇਲਾਜ ਚਲ ਰਿਹਾ ਹੈ। ਇਸ ਦੌਰਾਨ ਅੱਜ 24 ਕਰੋਨਾ ਮਰੀਜ ਸਿਹਤਯਾਬ ਵੀ ਹੋਏ ਹਨ।