ਪੱਤਰ ਪ੍ਰੇਰਕ
ਤਰਨ ਤਾਰਨ, 5 ਮਾਰਚ
ਜ਼ਿਲ੍ਹੇ ਦੇ ਦੋ ਏਐਸਆਈ ਅਤੇ ਇਕ ਹਵਾਲਦਾਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ| ਮੁਲਜ਼ਮਾਂ ਵੱਲੋਂ ਦੋ ਥਾਵਾਂ ਤੋਂ ਨਸ਼ਾ ਤਸਕਰਾਂ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਕਰਨ ਮਗਰੋਂ ਉਨ੍ਹਾਂ ਨੂੰ ਰਿਸ਼ਵਤ ਕਰਨ ਮਗਰੋਂ ਛੱਡ ਦਿੱਤਾ ਗਿਆ ਸੀ|
ਸਥਾਨਕ ਉੱਪ ਮੰਡਲ ਦੇ ਡੀਐੱਸਪੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਇਥੋਂ ਦੇ ਸੀਆਈਏ ਸਟਾਫ ਵਿੱਚ ਤਾਇਨਾਤ ਪ੍ਰਭਜੀਤ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਝਬਾਲ ਪੁਲੀਸ ਨੇ ਅੱਜ ਗ੍ਰਿਫ਼ਤਾਰ ਕੀਤਾ ਹੈ| ਉਨ੍ਹਾਂ ਕੁਝ ਦਿਨ ਪਹਿਲਾਂ ਝਬਾਲ ਇਲਾਕੇ ਤੋਂ ਪਿੰਡ ਕੋਟ ਧਰਮ ਚੰਦ ਕਲਾਂ ਦੇ ਵਾਸੀ ਲਵਪ੍ਰੀਤ ਸਿੰਘ ਅਤੇ ਭਿੰਦਰ ਸਿੰਘ ਕੋਲੋਂ ਹੈਰੋਇਨ ਅਤੇ ਇਲੈਕਟ੍ਰਾਨਿਕ ਕੰਡਾ ਬਰਾਮਦ ਕੀਤਾ ਸੀ| ਉਨ੍ਹਾਂ 25 ਫਰਵਰੀ ਨੂੰ ਲਵਪ੍ਰੀਤ ਸਿੰਘ ਦੇ ਘਰ 50,000 ਰੁਪਏ ਦੀ ਰਿਸ਼ਵਤ ਲੈ ਕੇ ਬਿਨਾਂ ਕਾਨੂੰਨੀ ਕਾਰਵਾਈ ਕੀਤਿਆਂ ਉਨ੍ਹਾਂ ਨੂੰ ਛੱਡ ਦਿੱਤਾ ਸੀ। ਡੀਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਝਬਾਲ ਪੁਲੀਸ ਨੇ ਕੇਸ ਦਰਜ ਕੀਤਾ ਹੈ| ਲਵਪ੍ਰੀਤ ਸਿੰਘ ਅਤੇ ਭਿੰਦਰ ਸਿੰਘ ਫ਼ਰਾਰ ਹਨ|
ਇਸ ਤੋਂ ਇਲਾਵਾ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਹਵਾਲਦਾਰ ਹਰਪਾਲ ਸਿੰਘ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ| ਹਰਪਾਲ ਸਿੰਘ ਨੇ ਦੋ ਮਾਰਚ ਨੂੰ ਸੰਘਾ ਪਿੰਡ ਵਾਸੀ ਸਮਸ਼ੇਰ ਸਿੰਘ ਕੋਲੋਂ ਹੈਰੋਇਨ ਬਰਾਮਦ ਕੀਤੀ ਸੀ| ਇਸ ਮਾਮਲੇ ਵਿੱਚ ਪਿੰਡ ਰਸੂਲਪੁਰ ਵਾਸੀ ਗੁਰਜੀਤ ਸਿੰਘ ਗੀਤਾ ਅਤੇ ਮਨਪ੍ਰੀਤ ਸਿੰਘ ਨੇ ਵਿੱਚ ਪੈ ਕੇ ਹਵਾਲਦਾਰ ਨੂੰ 1.1 ਲੱਖ ਰੁਪਏ ਦੀ ਰਿਸ਼ਵਤ ਦੇ ਕੇ ਮਾਮਲਾ ਰਫ਼ਾਦਫ਼ਾ ਕਰਵਾ ਦਿੱਤਾ ਸੀ| ਥਾਣਾ ਸਦਰ ਦੀ ਪੁਲੀਸ ਨੇ ਚਾਰੇ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਇਸ ਸਬੰਧੀ ਕਾਰਵਾਈ ਡੀਐੱਸਪੀ ਗੋਇੰਦਵਾਲ ਸਾਹਿਬ ਪ੍ਰੀਤਇੰਦਰ ਸਿੰਘ ਵਲੋਂ ਕੀਤੀ ਗਈ ਹੈ| ਮੁਲਜ਼ਮ ਸਮਸ਼ੇਰ ਸਿੰਘ, ਗੁਰਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਸ਼ਰਾਰ ਚੱਲ ਰਹੇ ਹਨ|