ਕੇਪੀ ਸਿੰਘ
ਗੁਰਦਾਸਪੁਰ , 13 ਅਗਸਤ
ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਸਪੈਸ਼ਲ ਜੱਜ ਗੁਰਦਾਸਪੁਰ ਅਮਰ ਪਾਲ ਸਿੰਘ ਦੀ ਅਦਾਲਤ ਨੇ ਹੈਰੋਇਨ ਤਸਕਰੀ ਦੇ ਮਾਮਲੇ ਦਾ ਨਿਪਟਾਰਾ ਕਰਦਿਆਂ ਇੱਕੋ ਪਰਿਵਾਰ ਦੇ ਤਿੰਨ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਤਿੰਨਾਂ ਨੂੰ ਦਸ-ਦਸ ਸਾਲ ਦੀ ਸਖ਼ਤ ਕੈਦ ਅਤੇ ਇੱਕ ਇੱਕ ਲੱਖ ਰੁਪਏ ਜੁਰਮਾਨਾ ਭੁਗਤਣ ਦੇ ਹੁਕਮ ਸੁਣਾਏ ਹਨ। ਸਜ਼ਾ ਪਾਉਣ ਵਾਲੇ ਦੋਸ਼ੀਆਂ ਵਿਚ ਭਾਰਤ ਗਿੱਲ ਉਰਫ਼ ਸ਼ਿਵਾ ਅਤੇ ਏਕਤਾ ਪਤਨੀ ਭਾਰਤ ਗਿੱਲ ਵਾਸੀ ਗੁਰਦਾਸਪੁਰ ਅਤੇ ਭਾਰਤ ਗਿੱਲ ਦਾ ਭਰਾ ਅਮਿਤ ਗਿੱਲ ਉਰਫ਼ ਗੌਰੀ ਸ਼ਾਮਲ ਹਨ। ਇਨ੍ਹਾਂ ਦੋਸ਼ੀਆਂ ਖ਼ਿਲਾਫ਼ 5 ਜਨਵਰੀ 2018 ਨੂੰ ਸਦਰ ਪੁਲੀਸ ਸਟੇਸ਼ਨ ਗੁਰਦਾਸਪੁਰ ਨੇ ਕੇਸ ਦਰਜ ਕੀਤਾ ਸੀ। ਪੁਲੀਸ ਰਿਪੋਰਟ ਅਨੁਸਾਰ ਥਾਣਾ ਸਦਰ ਦੇ ਐੱਸਐੱਚਓ ਦੀ ਅਗਵਾਈ ਹੇਠ ਪੁਲੀਸ ਪਾਰਟੀ ਵੱਲੋਂ ਬੱਬਰੀ ਬਾਈਪਾਸ ’ਤੇ ਨਾਕੇ ਦੌਰਾਨ ਸ਼ਾਮ ਕਰੀਬ 7 ਵਜੇ ਬਟਾਲਾ ਤੋਂ ਆ ਰਹੀ ਕਾਰ ਦੀ ਤਲਾਸ਼ੀ ਲੈਣ ਤੇ ਡੈਸ਼ ਬੋਰਡ ਵਿੱਚੋਂ ਚਿੱਟੇ ਮੋਮੀ ਲਿਫ਼ਾਫ਼ੇ ਵਿੱਚ ਲਪੇਟੀ 8 ਸੌ ਗਰਾਮ ਹੈਰੋਇਨ ਮਿਲੀ। ਕਾਰ ਵਿੱਚ ਸਵਾਰ ਪਤੀ ਪਤਨੀ ਦੀ ਪਛਾਣ ਭਾਰਤ ਗਿੱਲ ਅਤੇ ਏਕਤਾ ਦੇ ਰੂਪ ਵਿਚ ਹੋਈ । ਪੁਲੀਸ ਵੱਲੋਂ ਹੈਰੋਇਨ ਤਸਕਰੀ ਦੇ ਦੋਸ਼ਾਂ ਅਧੀਨ ਦੋਵਾਂ ਮੁਲਜ਼ਮਾਂ ਪਤੀ-ਪਤਨੀ ਨੂੰ ਨਾਮਜ਼ਦ ਕਰ ਲਿਆ ਗਿਆ। ਬਾਅਦ ਵਿੱਚ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਭਾਰਤ ਗਿੱਲ ਦਾ ਭਰਾ ਅਮਿਤ ਗਿੱਲ ਜੋ ਕਪੂਰਥਲਾ ਜੇਲ੍ਹ ਵਿਚ ਬੰਦ ਹੈ, ਉਸ ਦੇ ਹੈਰੋਇਨ ਤਸਕਰਾਂ ਨਾਲ ਸਬੰਧ ਸਨ ਅਤੇ ਉਸ ਦੇ ਦੱਸਣ ਅਨੁਸਾਰ ਉਸ ਦੇ ਭਰਾ ਤੇ ਭਰਜਾਈ ਤਸਕਰਾਂ ਤੋਂ ਹੈਰੋਇਨ ਦੀ ਸਪਲਾਈ ਲੈ ਕੇ ਕਾਰ ਰਾਹੀਂ ਗੁਰਦਾਸਪੁਰ ਆ ਰਹੇ ਸਨ । ਅਦਾਲਤ ਨੇ ਤਿੰਨਾਂ ਨੂੰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ।