ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਅਕਤੂਬਰ
ਆਪਣੇ ਹੀ ਰਿਸ਼ਤੇਦਾਰ ਦੀ ਨਬਾਲਗ ਲੜਕੀ ਨੂੰ ਵੇਚਣ ਅਤੇ ਖਰੀਦਣ ਦੇ ਮਾਮਲੇ ਵਿੱਚ ਪੁਲੀਸ ਨੇ ਤਿੰਨ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧ ਵਿੱਚ ਪੁਲੀਸ ਨੇ ਜਿਨ੍ਹਾਂ ਤਿੰਨ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ ਉਨ੍ਹਾਂ ਦੀ ਪਛਾਣ ਕਿਰਨ ਦੇਵੀ ਵਾਸੀ ਫਾਜ਼ਿਲਕਾ, ਰਾਜ ਕੌਰ ਅਤੇ ਉਸ ਦੀ ਬੇਟੀ ਨਵਜੋਤ ਕੌਰ ਗੋਰਾ ਵਜੋਂ ਦੱਸੀ ਗਈ ਹੈ, ਜੋ ਕਿ ਅੰਮ੍ਰਿਤਸਰ ਦੇ ਛੋਟਾ ਹਰੀਪੁਰਾ ਦੀ ਵਾਸੀ ਹਨ। ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਨੇ ਅਮਰਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕੀਤਾ ਸੀ। ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਕੀਤੀ ਔਰਤ ਕਿਰਨ ਦੇਵੀ ਵਾਸੀ ਫਾਜ਼ਿਲਕਾ ਨੇ ਇਸ ਨਾਬਾਲਗ ਕੁੜੀ ਨੂੰ 1 ਲੱਖ ਰੁਪਏ ਵਿੱਚ ਰਾਜ ਕੌਰ ਤੇ ਨਵਜੋਤ ਕੌਰ ਕੋਲੋਂ ਖਰੀਦਿਆ ਸੀ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।