ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 7 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਟਾਰੀ ਦੀ ਮੀਟਿੰਗ ਪਿੰਡ ਪੰਡੋਰੀ ਵੜੈਚ ਵਿੱਚ ਹੋਈ। ਮੀਟਿੰਗ ਵਿੱਚ ਟਿਕਰੀ ਬਾਰਡਰ ’ਤੇ ਸ਼ਹੀਦ ਹੋਈਆਂ ਬੀਬੀਆਂ ਨੂੰ ਯਾਦ ਕਰਕੇ ਸ਼ਰਧਾਜਂਲੀ ਭੇਟ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਨੇ ਇਨ੍ਹਾਂ ਦੇ ਪਰਿਵਾਰਾਂ ਨੂੰ 5-5 ਲੱਖ ਦੀ ਸਹਾਇਤਾ ਦੀ ਗੱਲ ਆਖੀ ਹੈ ਪਰ ਜਥੇਬੰਦੀ ਵੱਲੋਂ 10-10 ਲੱਖ ਦਾ ਮੁਆਵਜ਼ਾ ਤੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦਿਵਾਉਣ ਲਈ ਘੋਲ ਲੜਿਆ ਜਾ ਰਿਹਾ। ਇਸ ਮੌਕੇ ਕਰਮਜੀਤ ਸਿੰਘ ਨੰਗਲੀ ਪ੍ਰਧਾਨ ਅਟਾਰੀ ਬਲਾਕ ਤੇ ਡਾ. ਪਰਮਿੰਦਰ ਸਿੰਘ ਸਕੱਤਰ ਨੇ ਕਿਹਾ ਕਿ ਮਾਵਾਂ ਭੈਣਾਂ ਦਾ ਸੰਘਰਸ਼ ’ਚ ਇਕ ਵੱਡਾ ਯੋਗਦਾਨ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੱਡੇ ਜਥੇ ਦਿੱਲੀ ਨੂੰ ਰਵਾਨਾ ਕੀਤੇ ਜਾਣਗੇ ਅਤੇ ਬਾਰਡਰਾਂ ’ਤੇ ਗਿਣਤੀ ਨੂੰ ਵਧਾਇਆ ਜਾਵੇਗਾ। ਡੀਏਪੀ ਖਾਦ ਦੀ ਆ ਰਹੀ ਸਮੱਸਿਆ ਬਾਰੇ ਕਿਹਾ ਕਿ ਸੁਸਾਇਟੀ ’ਚ ਖਾਦ ਨਾਮਾਤਰ ਆ ਰਹੀ ਹੈ ਤੇ ਬਾਹਰ ਪ੍ਰਾਈਵੇਟ ਦੁਕਾਨਾਂ ’ਤੇ ਖਾਦ ਬਲੈਕ ਵਿੱਚ ਵੇਚੀ ਜਾ ਰਹੀ। ਜੇ ਖੇਤੀ ਵਿਭਾਗ ਇਸ ਮਸਲੇ ਵੱਲ ਧਿਆਨ ਨਹੀਂ ਦਿੰਦਾ ਤਾਂ ਆਉਣ ਵਾਲੇ ਦਿਨਾਂ ’ਚ ਜਥੇਬੰਦੀ ਵੱਲੋਂ ਸੰਘਰਸ਼ ਕੀਤਾ ਜਾਵੇਗਾ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਤੁਰੰਤ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ।
ਖੇਤੀ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਫਤਿਹਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਜਨਰਲ ਸਕੱਤਰ ਦਲਜੀਤ ਸਿੰਘ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਦਿੱਲੀ ਬਾਰਡਰ ’ਤੇ ਸ਼ਹੀਦ ਹੋਈਆਂ ਤਿੰਨ ਕਿਸਾਨ ਬੀਬੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸ਼ਹੀਦ ਬੀਬੀਆਂ ਨੇ ਪੂਰੀ ਕਿਸਾਨ ਜਮਾਤ ਦੇ ਹੱਕਾ ਹਿੱਤਾਂ ਖ਼ਾਤਰ ਕੁਰਬਾਨੀ ਦਿੱਤੀ ਹੈ। ਇਸ ਮੌਕੇ ਕਿਸਾਨੀ ਘੋਲ ਬਾਰੇ ਚਰਚਾ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਖੇਤੀ ਕਾਨੂੰਨ, ਬਿਜਲੀ ਬਿੱਲ 2020 ਤੇ ਪਰਾਲੀ ਪ੍ਰਦੂਸ਼ਨ ਐਕਟ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਮਰਥਨ ਮੁੱਲ ’ਤੇ ਸਾਰੀਆਂ ਫ਼ਸਲਾਂ ਦੀ ਖ਼ਰੀਦ ਦੀ ਗਾਰੰਟੀ ਅਤੇ ਜਨਤਕ ਵੰਡ ਪ੍ਰਣਾਲੀ ਤਹਿਤ ਸਾਰੀਆਂ ਲੋੜੀਂਦੀਆਂ ਵਸਤਾਂ ਸਸਤੇ ਭਾਅ ’ਤੇ ਦੇਣ ਦਾ ਕਾਨੂੰਨ ਬਣਾਇਆ ਜਾਵੇ। ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਗੜਿਆਂ ਨਾਲ ਬਰਬਾਦ ਹੋਈ ਫ਼ਸਲ ਤੇ ਗੁਲਾਬੀ ਸੁੰਡੀ ਦੀ ਨੁਕਸਾਨੀ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ।