ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 26 ਸਤੰਬਰ
ਬੰਗਲੌਰ ਵਿਚ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਜੰਡਿਆਲਾ ਗੁਰੂ ਨਜ਼ਦੀਕ ਨੈਸ਼ਨਲ ਹਾਈਵੇਅ ਨੰਬਰ ਇੱਕ ’ਤੇ ਸਥਿੱਤ ਨਿੱਝਰਪੁਰਾ ਟੌਲ ਪਲਾਜ਼ਾ ਨੂੰ ਅੱਜ ਭਾਰਤੀ ਕਿਸਾਨ ਯੂਨੀਅਨ (ਸਿਰਸਾ) ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬਾਅਦ ਦੁਪਹਿਰ ਧਰਨਾ ਲਾ ਕੇ ਜਾਮ ਕਰ ਦਿੱਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਮਹਿਤਾਬ ਸਿੰਘ ਸਿਰਸਾ, ਜਸਬੀਰ ਸਿੰਘ ਮੂਧਲ ਤੇ ਸਾਹਿਬ ਸਿੰਘ ਚਾਟੀਵਿੰਡ ਨੇ ਦੱਸਿਆ ਪੰਜਾਬ ਦੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਇੰਦਰਜੀਤ ਸਿੰਘ ਕੋਟਬੁੱਢਾ, ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਬਹੁਤ ਸਾਰੇ ਕਿਸਾਨ ਆਗੂ ਜੋ ਕਰਨਾਟਕਾ ਸੂਬੇ ਵਿੱਚ ਸਾਉਣੀ ਦੀ ਖ਼ਰਾਬ ਹੋਈ ਦੱਸ ਲੱਖ ਏਕੜ ਫਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ ਹੋਏ ਰਾਜਪਾਲ ਨੂੰ ਮੰਗ ਪੱਤਰ ਦੇਣ ਜਾ ਰਹੇ ਸਨ ਅਤੇ ਉਥੇ ਦੇਸ਼ ਭਰ ਚੋਂ ਗਏ ਹੋਏ ਇਨ੍ਹਾਂ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਪੰਜਾਬ ਵਿੱਚ ਵੱਖ-ਵੱਖ ਥਾਵਾਂ ਉੱਤੇ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਟੌਲ ਪਲਾਜ਼ੇ ਬੰਦ ਕਰ ਦਿੱਤੇ ਗਏ। ਉਨ੍ਹਾਂ ਦੱਸਿਆ ਇਸ ਸਬੰਧ ਵਿੱਚ ਅੱਜ ਨਿੱਜਰਪੁਰਾ ਟੌਲ ਪਲਾਜ਼ਾ ਵੀ ਜਾਮ ਕਰ ਦਿੱਤਾ ਗਿਆ ਹੈ ਅਤੇ ਸਰਕਾਰਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਕਿਸਾਨ ਆਗੂਆਂ ਕਿਹਾ ਕਿ ਜਦੋਂ ਤੱਕ ਇਨ੍ਹਾਂ ਸਾਰੇ ਕਿਸਾਨ ਆਗੂਆਂ ਨੂੰ ਛੱਡਿਆ ਨਹੀਂ ਜਾਂਦਾ ਅਤੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਦੋਂ ਤੱਕ ਟੌਲ ਪਲਾਜ਼ਿਆਂ ਉੱਪਰ ਅਤੇ ਹੋਰ ਥਾਵਾਂ ਉਪਰ ਰੋਸ ਪ੍ਰਦਰਸ਼ਨ ਜਾਰੀ ਰਹੇਗਾ।ਅਚਾਨਕ ਟੌਲ ਪਲਾਜ਼ਾ ਬੰਦ ਹੋਣ ਕਾਰਨ ਅੰਮ੍ਰਿਤਸਰ- ਜਲੰਧਰ ਮਾਰਗ ਉੱਪਰ ਭਾਰੀ ਜਾਮ ਲੱਗ ਗਿਆ ਅਤੇ ਵਾਹਨਾਂ ਦੀਆਂ ਦੋਹਾਂ ਬੰਨ੍ਹੇ ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਯਾਤਰੂਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਕੇ ਉੱਪਰ ਜੰਡਿਆਲਾ ਗੁਰੂ ਦੇ ਡੀਐੱਸਪੀ ਕੁਲਦੀਪ ਸਿੰਘ, ਐੱਸਐੱਚਓ ਜੰਡਿਆਲਾ ਗੁਰੂ ਅਮੋਲਕ ਸਿੰਘ ਆਪਣੇ ਭਾਰੀ ਪੁਲੀਸ ਪਾਰਟੀ ਨਾਲ ਟੌਲ ਪਲਾਜ਼ਾ ਉੱਤੇ ਪਹੁੰਚੇ।
ਪੱਟੀ (ਬੇਅੰਤ ਸਿੰਘ ਸੰਧੂ): ਬੰਗਲੌਰ ਰੇਲਵੇ ਸ਼ਟੇਸ਼ਨ ਤੋਂ ਕਰਨਾਟਕਾ ਦੀ ਬੀਜੇਪੀ ਸਰਕਾਰ ਵੱਲੋਂ ਦੇਸ਼ ਦੀਆਂ ਗੈਰਰਾਜਨੀਤਿਕ ਦਲਾਂ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਏ ਜਾਣ ਤੋਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਢਾ ਦੇ ਵਰਕਰਾਂ ਵੱਲੋਂ ਰੋਸ ਜ਼ਾਹਰ ਕਰਦਿਆਂ ਪੱਟੀ-ਤਰਨਤਾਰਨ-ਅਮ੍ਰਿਤਸਰ ਫਿਰੋਜ਼ਪੁਰ ਦੇ ਇਲਾਕਿਆਂ ਅੰਦਰ ਮੀਟਿੰਗਾਂ ਦਾ ਸਿਲਾਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਕਰਨਾਟਕਾ ਦੀ ਰਾਜਧਾਨੀ ਬੰਗਲੌਰ ਤੋਂ ਮੋਬਾਈਲ ਫੋਨ ਰਾਹੀਂ ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ ਦੇ ਕੌਮੀ ਪ੍ਰਧਾਨ ਇਦਰਜੀਤ ਸਿੰਘ ਨੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੱਲ੍ਹ ਬੰਗਲੌਰ ਅੰਦਰ ਕਿਸਾਨਾਂ ਤੋਂ ਇਲਾਵਾ ਦੇਸ਼ ਦੇ ਵੱਖ- ਵੱਖ ਸੂਬਿਆਂ ਦੇ ਗੈਰਰਾਜਨੀਤਿਕ ਦਲਾਂ ਦੇ ਆਗੂਆਂ ਵੱਲੋਂ ਦੇਸ਼ ਦੀ ਕਿਸਾਨੀ ਨੂੰ ਕਾਰਪੋਰੇਟ ਹੱਥਾਂ ਤੋਂ ਬਚਾਉਣ ਅਤੇ ਫ਼ਸਲਾਂ ਤੇ ਐੱਮਐੱਸਪੀ ਸਮੇਤ ਹੋਰ ਮੁੱਦਿਆਂ ਤੇ ਵੱਡੀ ਕਿਸਾਨ ਕਾਨਫਰੰਸ ਕੀਤੀ ਗਈ ਸੀ ਜਿਸ ਵਿੱਚ ਪਾਸ ਕੀਤੇ ਮਤੇ ਮੁਤਾਬਕ ਜਥੇਬੰਦੀ ਦੇ ਆਗੂਆਂ ਵੱਲੋਂ ਦਿੱਲੀ ਵਿੱਚ ਮੰਗ ਪੱਤਰ ਦਿੱਤਾ ਜਾਣਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਆਗੂ ਬੰਗਲੌਰ ਰੇਲਵੇ ਸਟੇਸ਼ਨ ਤੋਂ ਦਿੱਲੀ ਨੂੰ ਚੱਲਣ ਲੱਗੇ ਤਾਂ ਕਰਨਾਟਕ ਦੀ ਬੀਜੇਪੀ ਸਰਕਾਰ ਨੇ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ।
ਯਾਤਰੂਆਂ ਦੀ ਪ੍ਰੇਸ਼ਾਨੀ ਨੂੰ ਵੇਖਦਿਆਂ ਕਿਸਾਨਾਂ ਨੇ ਆਵਾਜਾਈ ਬਹਾਲ ਕੀਤੀ
ਯਾਤਰੂਆਂ ਦੀ ਪ੍ਰੇਸ਼ਾਨੀ ਨੂੰ ਵੇਖਦਾ ਹੋਇਆ ਕਿਸਾਨਾਂ ਨੇ ਟੌਲ ਪਲਾਜ਼ੇ ਵਿੱਚੋਂ ਵਾਹਨਾਂ ਦੀ ਆਵਾਜਾਈ ਬਹਾਲ ਕੀਤੀ।ਪਰ ਨਾਲ ਹੀ ਕਿਸਾਨਾਂ ਵੱਲੋਂ ਟੌਲ ਪਲਾਜ਼ਿਆਂ ਉੱਪਰ ਲੱਗੇ ਫਾਸਟੈਗ ਦੇ ਸਕੈਨਰ ਵੀ ਬੰਦ ਕਰਵਾਏ ਗਏ ਤਾਂ ਜੋ ਗੱਡੀਆਂ ਇੱਥੋਂ ਬਿਨਾਂ ਟੌਲ ਦਿੱਤਿਆਂ ਆਸਾਨੀ ਨਾਲ ਲੰਘ ਸਕਣ।