ਐਨ ਪੀ ਧਵਨ
ਪਠਾਨਕੋਟ, 27 ਅਕਤੂਬਰ
ਆਈਪੀਐਲ ਮੈਚ ਦੌਰਾਨ ਦੜਾ-ਸੱਟਾ ਲਗਾਊਣ ਦੇ ਦੋਸ਼ ਹੇਠ ਹੋਟਲ ਕਾਰੋਬਾਰੀ ਖਿਲਾਫ਼ ਕੇਸ ਦਰਜ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਹੋਟਲ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਅਤੇ ਵਪਾਰ ਮੰਡਲ ਦਾ ਵਫਦ ਵਿਧਾਇਕ ਅਮਿਤ ਵਿਜ ਨੂੰ ਮਿਲਿਆ। ਵਫਦ ਨੇ ਹੋਟਲ ਮਾਲਕ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ। ਵਿਧਾਇਕ ਨੂੰ ਮਿਲੇ ਵਫ਼ਦ ਵਿੱਚ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਨਿਤਿਨ ਲਾਡੀ, ਵਪਾਰ ਮੰਡਲ ਦੇ ਕੌਮੀ ਸਕੱਤਰ ਐਲਆਰ ਸੋਢੀ, ਪ੍ਰਧਾਨ ਨਰੇਸ਼ ਅਰੋੜਾ, ਉਪ ਪ੍ਰਧਾਨ ਰਾਕੇਸ਼ ਔਲ, ਸੁਭਾਸ਼ ਮਹਾਜਨ ਤੇ ਦਵਿੰਦਰ ਮਿੰਟੂ ਸ਼ਾਮਲ ਸਨ।
ਸਮੂਹ ਆਗੂਆਂ ਨੇ ਵਿਧਾਇਕ ਨੂੰ ਦੱਸਿਆ ਕਿ ਉਕਤ ਹੋਟਲ ਮਾਲਕ ’ਤੇ ਪੁਲੀਸ ਨੇ ਗਲਤ ਕੇਸ ਦਰਜ ਕੀਤਾ ਹੈ। ਊਨ੍ਹਾਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਊਣ ਦੀ ਮੰਗ ਕੀਤੀ। ਵਿਧਾਇਕ ਨੇ ਵਫ਼ਦ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਲਈ ਪੁਲੀਸ ਨੂੰ ਕਹਿਣਗੇ।
ਇਸੇ ਦੌਰਾਨ ਪੰਜਾਬ ਏਕਤਾ ਟੈਕਸੀ ਆਪਰੇਟਰ ਯੂਨੀਅਨ ਨੇ ਪ੍ਰਧਾਨ ਸੁਰਿੰਦਰ ਸਹਿਗਲ ਅਤੇ ਜ਼ਿਲ੍ਹਾ ਸਕੱਤਰ ਹਰਭਜਨ ਸਿੰਘ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ। ਸ੍ਰੀ ਸਹਿਗਲ ਨੇ ਕਿਹਾ ਕਿ ਦੜਾ-ਸੱਟਾ ਖੇਡਣ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਸਮੇਂ ਹੋਟਲ ਮਾਲਕ ਨੇ ਪੁਲੀਸ ਨੂੰ ਪੂਰਾ ਸਹਿਯੋਗ ਦਿੱਤਾ ਪਰ ਬਾਅਦ ਵਿੱਚ ਪੁਲੀਸ ਨੇ ਜਾਣਬੁੱਝ ਕੇ ਮਾਲਕ ਨੂੰ ਮੁੜ ਥਾਣੇ ਸੱਦ ਕੇ ਉਸ ਉਪਰ ਵੀ ਕੇਸ ਦਰਜ ਕਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਹੋਟਲ ਮਾਲਕ ਉਪਰ ਦਰਜ ਕੇਸ ਰੱਦ ਕੀਤਾ ਜਾਵੇ।