ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਮਈ
ਇੱਥੋਂ ਦੇ ਪਿੰਡ ਗੜਾ ਦੇ ਮਜ਼ਦੂਰ ਚੌਕ ਵਿਚ ਮਈ ਦਿਹਾੜਾ ਮਨਾਇਆ ਗਿਆ। ਇਸ ਮੌਕੇ ਨਿਰਮਾਣ ਮਜ਼ਦੂਰ ਯੂਨੀਅਨ ਦਾ ਝੰਡਾ ਬਲਜੀਤ ਸਿੰਘ ਨੇ ਲਹਿਰਾਇਆ। ਜਥੇਬੰਦੀ ਦੇ ਆਗੂ ਡਾ. ਬਲਵਿੰਦਰ ਸਿੰਘ ਨੇ ਕੌਮਾਂਤਰੀ ਮਜ਼ਦੂਰਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕੁਰਬਾਨੀਆਂ ਦੇ ਕੇ 8 ਘੰਟੇ ਦੀ ਦਿਹਾੜੀ ਕਰਵਾਈ ਸੀ ਪਰ ਹੁਣ ਕੇਂਦਰ ਦੀ ਸਰਕਾਰ ਕਿਰਤ ਕਾਨੂੰਨਾਂ ਵਿਚ ਸੋਧਾਂ ਕਰਕੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੰਘਰਸ਼ਾਂ ਨਾਲ ਪ੍ਰਾਪਤ ਕੀਤੇ ਹੱਕਾਂ ਤੋਂ ਵਾਂਝੇ ਕਰ ਰਹੀ ਹੈ। ਮਜ਼ਦੂਰ ਆਗੂ ਨੇ ਕਿਹਾ ਕਿ ਉਸਾਰੀ ਮਜ਼ਦੂਰਾਂ ਲਈ ਬਣਾਏ ਕਾਨੂੰਨ ਰਾਹੀਂ ਮਿਲਦੀਆਂ ਸਾਰੀਆਂ ਸਹੂਲਤਾਂ ਲਾਗੂ ਕਰਵਾਉਣ ਲਈ ਤਿੱਖੇ ਸੰਘਰਸ਼ ਦੀ ਲੋੜ ਹੈ। ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜੁਆਇੰਟ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰਾਂ ਦੀਆਂ ਮਜ਼ਦੂਰ ਤੇ ਲੋਕ ਮਾਰੂ ਨੀਤੀਆਂ ਨੇ ਮਜ਼ਦੂਰਾਂ ਨੂੰ ਰੁਜ਼ਗਾਰ ਤੋਂ ਵਾਂਝੇ ਕਰਕੇ ਚੌਕਾਂ ਵਿਚ ਦਿਹਾੜੀ ਲਈ ਵਿਕਣ ਵਾਸਤੇ ਮਜਬੂਰ ਕਰ ਦਿੱਤਾ ਹੈ। ਮਜ਼ਦੂਰਾਂ ਨੇ ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ, ਵਧਦੀ ਮਹਿੰਗਾਈ ਰੋਕਣ, ਮਜ਼ਦੂਰਾਂ ਹੱਕਾਂ ਦੀ ਪ੍ਰਾਪਤੀ ਲਈ ਲਹੂ ਵੀਟਵੇਂ ਸੰਘਰਸ਼ ਕਰਨ ਦਾ ਅਹਿਦ ਕੀਤਾ।
ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਇੱਥੇ ਸਥਾਨਕ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਇੱਕ ਮਈ ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਸ਼ਹੀਦ ਹੋਏ ਮਜ਼ਦੂਰਾਂ ਦੀ ਯਾਦ ਵਿੱਚ ਮਜ਼ਦੂਰ ਦਿਵਸ ਮਨਾਇਆ। ਇੱਥੋਂ ਨੇੜਲੀ ਸਬ-ਡਿਵੀਜ਼ਨ ਬੰਡਾਲਾ ਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਅਤੇ ਐੱਮਐੱਸਯੂ ਵੱਲੋਂ ਮਈ ਦਿਵਸ ਮਨਾਇਆ ਗਿਆ। ਦਿਹਾਤੀ ਮਜ਼ਦੂਰ ਸਭਾ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਇਕੱਠੇ ਹੋ ਕੇ ਮਜ਼ਦੂਰ ਦਿਵਸ ਮਨਾਉਂਦਿਆਂ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ’ਚ ਮਾਰਚ ਕੱਢਿਆ ਗਿਆ।
ਭੁਲੱਥ (ਪੱਤਰ ਪ੍ਰੇਰਕ): ਕਸਬੇ ਵਿਚ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਵੱਲੋਂ ਅੱਡਾ ਭੋਗਪੁਰ ਵਿੱਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਅੱਜ ਮਜ਼ਦੂਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੇ ਸਰਕਾਰ ਦੇ ਰਵੱਈਏ ’ਤੇ ਵਿਚਾਰ ਸਾਂਝੇ ਕੀਤੇ ਗਏ। ਲੇਖਕ ਤੇ ਮਜ਼ਦੂਰ ਆਗੂ ਕਾਮਰੇਡ ਮੇਹਰ ਚੰਦ ਸਿੱਧੂ ਨੇ ਦੱਸਿਆ ਕਿ ਪੰਜਾਬ ਨਿਰਮਾਣ ਯੂਨੀਅਨ ਦੀ ਭੁਲੱਥ ਇਕਾਈ, ਮੰਡੀ ਮਜ਼ਦੂਰ ਯੂਨੀਅਨ ਤੇ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਦੇ ਵਰਕਰਾਂ ਵਲੋਂ ਝੰਡਾ ਲਹਿਰਾਉਣ ਉਪਰੰਤ ਸਲਾਮੀ ਦਿੱਤੀ ਗਈ।
ਤਲਵਾੜਾ (ਪੱਤਰ ਪ੍ਰੇਰਕ): ਇੱਥੇ ਮਹਾਰਾਣਾ ਪ੍ਰਤਾਪ ਚੌਕ ਦੇ ਨੇੜਲੇ ਖ਼ੇਤਰ ਦੀਆਂ ਵੱਖ-ਵੱਖ ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਅਤੇ ਸਮਾਜਿਕ ਸੰਗਠਨਾਂ ਨੇ ਕੌਮਾਂਤਰੀ ਮਜ਼ਦੂਰ ਦਿਵਸ ਸਾਂਝੇ ਰੂਪ ’ਚ ਮਨਾਇਆ। ਇਸ ਮੌਕੇ ਬੁਲਾਰਿਆਂ ਨੇ ਮਜ਼ਦੂਰ ਦਿਵਸ ਦੇ ਇਤਿਹਾਸ ਅਤੇ ਮੌਜੂਦਾ ਸਮੇਂ ’ਚ ਇਸ ਦੀ ਮਹੱਤਤਾ ’ਤੇ ਵਿਸਥਾਰਪੂਰਕ ਚਾਨਣਾ ਪਾਇਆ।
ਸ਼ਾਹਕੋਟ (ਪੱਤਰ ਪ੍ਰੇਰਕ): ਸ਼ਾਹਕੋਟ ਵਿੱਚ ਸੀ.ਪੀ.ਆਈ (ਐੱਮ) ਤੇ ਆਰ.ਐੱਮ.ਪੀ.ਆਈ ਵੱਲੋਂ ਮਲਸੀਆਂ ਵਿਚ, ਮਜ਼ਦੂਰ ਤੇ ਕਿਸਾਨ ਜਥੇਬੰਦੀਆਂ, ਬਿਜਲੀ ਕਾਮਿਆਂ ਅਤੇ ਤਰਕਸ਼ੀਲਾਂ ਵੱਲੋਂ ਮਹਿਤਪੁਰ ਵਿਚ, ਸੀ.ਪੀ.ਆਈ ਵੱਲੋਂ ਲੋਹੀਆਂ ਖਾਸ ਵਿਚ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ।
ਬਟਾਲਾ (ਨਿੱਜੀ ਪੱਤਰ ਪ੍ਰੇਰਕ): ਮਜ਼ਦੂਰ ਟਰੇਡ ਯੂਨੀਅਨ ਆਫ ਪੰਜਾਬ ਮਈ ਦਿਵਸ ਨੂੰ ਮਜ਼ਦੂਰ ਦਿਵਸ ਮਨਾਇਆ। ਇਸ ਮੌਕੇ ਜ਼ਿਲ੍ਹਾ ਆਗੂ ਕਾਮਰੇਡ ਕਪਤਾਨ ਸਿੰਘ, ਸਤਿੰਦਰ ਕੌਰ ਅਤੇ ਸਖਦੇਵ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੇਸ਼ ਵਿੱਚ ਵਧ ਰਹੀ ਮਹਿੰਗਾਈ ਬੇਰੁਜ਼ਗਾਰੀ, ਭੁੱਖਮਰੀ ਅਤੇ ਹੋਰ ਅਲਾਮਤਾਂ ਨੂੰ ਦੇਸ਼ ਲਈ ਘਾਤਕ ਦੱਸਿਆ।
ਪਠਾਨਕੋਟ (ਪੱਤਰ ਪ੍ਰੇਰਕ): ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਇਥੇ ਰੇਲਵੇ ਸਟੇਸ਼ਨ ਤੇ ਮਜ਼ਦੂਰ ਦਿਵਸ ਮਨਾਇਆ ਗਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਆਲ ਗੌਰਮਿੰਟ ਐਂਪਲਾਈਜ਼ ਟਰੇਡ ਯੂਨੀਅਨ ਕੌਂਸਲ ਦੇ ਪ੍ਰਧਾਨ ਹਰਿੰਦਰ ਰੰਧਾਵਾ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ ਤੇ ਸ਼ਹੀਦਾਂ ਨੂੰ ਨਮਨ ਕੀਤਾ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ਨੂੰ ਵੇਚਣ ਦਾ ਵਿਰੋਧ ਕੀਤਾ।
ਗੁਰਾਇਆ (ਨਿੱਜੀ ਪੱਤਰ ਪ੍ਰੇਰਕ): ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐੱਮਓ) ਵੱਲੋਂ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਸਥਾਨਕ ਚੌਕ ਵਿੱਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਲੁਟੇਰੀ ਜਮਾਤ ਤੋਂ ਨਿਜ਼ਾਤ ਲੈਣ ਲਈ ਸਾਂਝੇ ਸੰਘਰਸ਼ਾਂ ਨੂੰ ਹੋਰ ਤੇਜ਼ ਕਰਨਾ ਪਵੇਗਾ।
ਚੇਤਨਪੁਰਾ (ਪੱਤਰ ਪ੍ਰੇਰਕ): ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਬਿਜਲੀ ਘਰ ਹਰਸ਼ਾ ਛੀਨਾ ਵਿੱਚ ਗੇਟ ਤੇ ਸਬ-ਡਿਵੀਜ਼ਨ ਪ੍ਰਧਾਨ ਜੁਗਰਾਜ ਸਿੰਘ ਛੀਨਾ ਦੀ ਅਗਵਾਈ ਹੇਠ ਜਥੇਬੰਦੀ ਦਾ ਝੰਡਾ ਲਹਿਰਾ ਕੇ ਮਈ ਦਿਵਸ ਮਨਾਇਆ ਅਤੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਵੱਖ-ਵੱਖ ਜਥੇਬੰਦੀਆਂ ਵੱਲੋਂ ਹੱਕੀ ਮੰਗਾਂ ਸਬੰਧੀ ਮਾਰਚ
ਤਰਨ ਤਾਰਨ (ਪੱਤਰ ਪ੍ਰੇਰਕ): ਕਿਸਾਨ, ਮਜ਼ਦੂਰ, ਵਿਦਿਆਰਥੀ, ਮੁਲਾਜ਼ਮ, ਔਰਤਾਂ ਆਦਿ ਦੀਆਂ ਜਨਤਕ ਜਥੇਬੰਦੀਆਂ ਅਤੇ ਕਈ ਰਾਜਸੀ ਧਿਰਾਂ ਵਲੋਂ ਅੱਜ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਭਾਗਾਂ ਵਿੱਚ ਇਕੱਠ ਕਰਕੇ ਸ਼ਿਕਾਗੋ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕਰਕੇ ਆਪਣੀਆਂ ਮੰਗਾਂ ਬਾਰੇ ਵਿਚਾਰਾਂ ਕੀਤੀਆਂ| ਪਾਵਰਕੌਮ ਦੇ ਮੁਲਾਜ਼ਮਾਂ ਵੱਲੋਂ ਸਰਕਲ ਦਫ਼ਤਰ ਅੱਗੇ ਰੋਸ ਵਿਖਾਵਾ ਕਰਕੇ ਮੰਗਾਂ ਤੋਂ ਇਲਾਵਾ ਅਦਾਰੇ ਅੰਦਰ ਖਾਲੀ ਪਈਆਂ ਅਸਾਮੀਆਂ ਬਿਨਾਂ ਦੇਰੀ ਦੇ ਪੁਰ ਕੀਤੇ ਜਾਣ ਦੀ ਮੰਗ ਕੀਤੀ| ਸਫਾਈ ਸੇਵਕ ਯੂਨੀਅਨ ਤੇ ਮੁਲਾਜ਼ਮਾਂ ਦੀਆਂ ਹੋਰ ਜਥੇਬੰਦੀਆਂ ਵਲੋਂ ਨਗਰ ਕੌਂਸਲ ਦੇ ਕੰਪਲੈਕਸ ਅੰਦਰ ਇੱਕ ਰੈਲੀ ਕੀਤੀ ਅਤੇ ਸਾਰੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕੀਤੇ ਜਾਣ ਦੀ ਮੰਗ ਉਠਾਈ| ਡੈਮੋਕਰੈਟਿਕ ਜੰਗਲਾਤ ਵਰਕਰ ਯੂਨੀਅਨ ਵੱਲੋਂ ਇਕੱਠ ਕੀਤਾ ਗਿਆ| ਆਲ ਇੰਡੀਆ ਆਸ਼ਾ ਵਰਕਰ ਅਤੇ ਫੈਸਲੀਟੇਟਰ ਯੂਨੀਅਨ (ਏਟਕ) ਦੀ ਆਗੂ ਸੀਮਾ ਸੋਹਲ ਦੀ ਅਗਵਾਈ ਵਿੱਚ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਰਿਹਾਇਸ਼ ਤੱਕ ਮਾਰਚ ਕੀਤਾ ਅਤੇ ਸੂਬਾ ਸਰਕਾਰ ਦੇ ਨਾਂ ’ਤੇ ਆਪਣੀਆਂ ਮੰਗਾਂ ਦਾ ਪੱਤਰ ਦਿੱਤਾ|
ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਵੱਲੋਂ ਮਜ਼ਦੂਰ ਦਿਹਾੜੇ ’ਤੇ ਕਾਨਫਰੰਸ
ਨਵਾਂਸ਼ਹਿਰ (ਪੱਤਰ ਪ੍ਰੇਰਕ): ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਵੱਲੋਂ ਸਥਾਨਕ ਦਸਹਿਰਾ ਗਰਾਉਂਡ ਵਿੱਚ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਕਾਨਫਰੰਸ ਕੀਤੀ ਗਈ। ਜਥੇਬੰਦੀ ਦੇ ਲਾਲ ਝੰਡਿਆਂ ਨਾਲ ਸਜੇ ਪੰਡਾਲ ਵਿਚ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਤੇ ਹੋਰ ਆਗੂਆਂ ਨੇ ਕਿਹਾ ਕਿ ਅੱਜ ਦੇਸ਼ ਵਿੱਚ ਬੇਰੁਜ਼ਗਾਰੀ ਅਤੇ ਘੱਟ ਤਨਖਾਹ ਵਾਲੀਆਂ ਨੌਕਰੀਆਂ, ਅਸੁਰੱਖਿਅਤ ਅਤੇ ਅਸਥਾਈ ਰੁਜ਼ਗਾਰ ਵੱਧ ਰਹੇ ਹਨ, ਬੇਰੁਜ਼ਗਾਰੀ ਦੀ ਦਰ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਆਰਐੱਸਐੱਸ-ਭਾਜਪਾ ਸਰਕਾਰ ਜਨਤਕ ਜਾਇਦਾਦ ਨਿੱਜੀ ਹੱਥਾਂ ਵਿੱਚ ਵੇਚਣ ਦੀ ਆਪਣੀ ਵਚਨਬੱਧਤਾ ਦਾ ਐਲਾਨ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨਾ ਚਾਹੀਦਾ ਹੈ।
ਲੋਕ ਭਲਾਈ ਮੰਚ ਪੰਜਾਬ ਨੇ ਮਨਾਇਆ ਕੌਮਾਂਤਰੀ ਮਜ਼ਦੂਰ ਦਿਵਸ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਕੱਚੀ ਮਿੱਟੀ ਰੋਡ ਏਕਤਾ ਨਗਰ ਢਪੱਈ ਵਿੱਚ ਲੋਕ ਭਲਾਈ ਮੰਚ ਪੰਜਾਬ ਦੇ ਵਰਕਰਾਂ ਵਲੋਂ ਹਰਦਿਆਲ ਸਿੰਘ ਹਮਦਰਦ ਦੀ ਪ੍ਰਧਾਨਗੀ ਹੇਠ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਗਿਆ। ਲਾਲ ਝੰਡਾ ਲਹਿਰਾਉਣ ਦੀ ਰਸਮ ਬਲਬੀਰ ਸਿੰਘ ਝਾਮਕਾ ਸੂਬਾਈ ਪ੍ਰਧਾਨ ਨੇ ਅਦਾ ਕੀਤੀ। ਆਗੂਆਂ ਨੇ ਕੌਮਾਂਤਰੀ ਮਜ਼ਦੂਰ ਦਿਵਸ ਦੇ ਇਤਿਹਾਸ ਅਤੇ ਮਜ਼ਦੂਰ ਸੰਘਰਸ਼ਾਂ ਬਾਰੇ ਚਾਨਣ ਪਾਇਆ। ਉਨ੍ਹਾਂ ਕਿਹਾ ਕਿ ਲੋਕ ਭਲਾਈ ਮੰਚ ਆਪਣੇ ਹੱਕਾਂ ਲਈ ਲੜ ਰਹੇ ਸੰਘਰਸ਼ਸ਼ੀਲ ਲੋਕਾਂ ਦਾ ਵੱਧ ਤੋਂ ਵੱਧ ਸਹਿਯੋਗ ਕਰੇੇਗਾ।