ਬੇਅੰਤ ਸਿੰਘ ਸੰਧੂ/ਤੇਜਿੰਦਰ ਸਿੰਘ ਖ਼ਾਲਸਾ
ਪੱਟੀ/ਚੋਹਲਾ ਸਾਹਿਬ, 14 ਸਤੰਬਰ
ਪਾਰਲੀਮੈਂਟ ਸੈਸ਼ਨ ਦੇ ਪਹਿਲੇ ਦਿਨ ਪੇਸ਼ ਹੋਣ ਵਾਲੇ ਖੇਤੀ ਅਧਾਰਤ ਤਿੰਨ ਅਤੇ ਬਿਜਲੀ ਬਿੱਲ 2020 ਦੇ ਖਿਲਾਫ਼ ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਵੱਲੋਂ ਕੌਮੀ ਸ਼ਾਹ ਮਾਰਗ 54 ਅੰਮ੍ਰਿਤਸਰ-ਰਾਜਸਥਾਨ ਮਾਰਗ ਦੇ ਹਰੀਕੇ ਪੱਤਣ ਦੇ ਨਜ਼ਦੀਕ ਬੰਗਾਲੀ ਵਾਲਾ ਪੁਲ ’ਤੇ ਧਰਨਾ ਦਿੱਤਾ ਗਿਆ। ਟ੍ਰਿ੍ਬਿਊਨ ਨਿਊਜ਼ ਸਰਵਿਸ ਦੀ ਰਿਪੋਰਟ ਅਨੁਸਾਰ ਅੱਜ ਕਿਸਾਨਾਂ ਨੇ ਬਿਆਸ, ਹਰੀਕੇ ਪੱਤਣ ਅਤੇ ਟਾਂਡਾ ਦਾ ਸ੍ਰੀ ਹਰਗੋਬਿੰਦਪੁਰ ਪੁਲ ਜਾਮ ਕੀਤਾ, ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹਜ਼ਾਰਾਂ ਦੀ ਤਦਾਦ ’ਚ ਪੁੱਜੇ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਮੋਦੀ ਸਰਕਾਰ ਦੇ ਤਿੰਨ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ 2020 ਕਿਸਾਨ ਮਜ਼ਦੂਰ ਵਿਰੋਧੀ ਹਨ ਜਿਸ ਦਾ ਅਸਰ ਦੇਸ਼ ਦੇ ਦੂਜੇ ਸੂਬਿਆਂ ਨਾਲੋਂ ਖੇਤੀ ਪ੍ਰਧਾਨ ਸੂਬਿਆਂ ’ਤੇ ਜ਼ਿਆਦਾ ਪਵੇਗਾ। ਸ਼੍ਰੀ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਬਾਦਲ ਜੋੜੇ ਨੇ ਸੱਤਾ ਦਾ ਆਨੰਦ ਮਾਣਨ ਲਈ ਸੂਬੇ ਦੇ ਕਿਸਾਨਾਂ ਮਜ਼ਦੂਰਾਂ ਦੇ ਹਿੱਤਾ ਨੂੰ ਭਾਜਪਾ ਕੋਲ ਵੇਚ ਦਿੱਤਾ ਹੈ। ਊਨ੍ਹਾਂ ਕਿਹਾ ਕਿ ਜਦੋਂ ਦੇਸ਼ ਅੰਦਰੋਂ ਸਰਕਾਰੀ ਮੰਡੀਕਰਨ ਖਤਮ ਹੋ ਜਾਵੇਗਾ ਤਾਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਕੋਈ ਗਰੰਟੀ ਨਹੀਂ ਰਹੇਗੀ। ਅਕਾਲੀ ਦਲ ਆਪਣਾ 1920 ਵਾਲਾ ਏਜੰਡਾ ਪਛਾਣੇ ਅਤੇ ਆਪਣੀ ਦੋਗਲੀ ਨੀਤੀ ਨੂੰ ਤਿਆਗ ਕੇ ਮੋਦੀ ਸਰਕਾਰ ਖ਼ਿਲਾਫ਼ ਮੈਦਾਨ ਵਿੱਚ ਨਿੱਤਰੇ। ਊਨ੍ਹਾਂ ਦੇਸ਼ ਦੇ ਸਾਰੇ ਸੁਹਿਰਦ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਿਆਸੀ ਹਿੱਤਾਂ ਤੋਂ ਊਪਰ ਊਠ ਕੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਵਿਚ ਕੇਂਦਰ ਦੇ ਖੇਤੀ ਬਿੱਲਾਂ ਤੇ ਬਿਜਲੀ ਬਿੱਲ 2020 ਦੇ ਵਿਰੋਧ ‘ਚ ਫਤਵਾ ਦੇਣ। ਇਸ ਮੌਕੇ ਕ ਸਤਨਾਮ ਸਿੰਘ ਪੰਨੂੰ, ਜਨਰਲ ਸਕੱਤਰ ਬਲਵਿੰਦਰ ਸਿੰਘ, ਪ੍ਰਧਾਨ ਜਸਬੀਰ ਸਿੰਘ ਪਿੱਦੀ, ਜ਼ੋਨ ਪ੍ਰਧਾਨ ਅਜੀਤ ਸਿੰਘ ਚੰਬਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿੱਲ ਨੂੰ ਰੱਦ ਕਰਵਾਉਣ ਲਈ ਕਿਸਾਨ ਸੰਗਠਨਾਂ ਵੱਲੋਂ ਅੰਦੋਲਨ ਲਗਾਤਾਰ ਜਾਰੀ ਰਹੇਗਾ।
ਰਈਆ (ਦਵਿੰਦਰ ਸਿੰਘ ਭੰਗੂ) ਪਾਰਲੀਮੈਂਟ ਸੈਸ਼ਨ ਦੇ ਪਹਿਲੇ ਦਿਨ ਪੇਸ਼ ਹੋਣ ਵਾਲੇ ਖੇਤੀ ਅਧਾਰਿਤ ਤਿੰਨ ਅਤੇ ਬਿਜਲੀ ਬਿੱਲ 2020 ਦੇ ਖ਼ਿਲਾਫ਼ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜੀ ਟੀ ਰੋਡ ਬਿਆਸ ਪੁਲ ’ਤੇ ਇਕ ਵਜੇ ਦੇ ਕਰੀਬ ਦੋਵੇਂ ਪਾਸੇ ਆਵਾਜਾਈ ਨੂੰ ਬੰਦ ਕਰ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਧਰਨਾ ਦਿੱਤਾ ਗਿਆ ਜਿਸ ਵਿਚ ਹਜ਼ਾਰਾਂ ਦੀ ਤਦਾਦ ’ਚ ਕਿਸਾਨ, ਮਜ਼ਦੂਰ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਦੂਜੇ ਪਾਸੇ ਪ੍ਰਸ਼ਾਸਨ ਵਲੋਂ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਪੁਲੀਸ ਦੀ ਵੱਡੀ ਗਿਣਤੀ ਵਿਚ ਨਫ਼ਰੀ ਤਾਇਨਾਤ ਕੀਤੀ ਗਈ ਸੀ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇਨ੍ਹਾਂ ਬਿੱਲਾਂ ਦੇ ਲਾਗੂ ਹੋਣ ਨਾਲ ਕਿਸਾਨ ,ਮਜ਼ਦੂਰ, ਦਸਤਕਾਰ ਤੇ ਛੋਟੇ ਵਪਾਰੀਆਂ ਤੇ ਭਾਰੀ ਆਰਥਿਕ ਸੱਟ ਵੱਜੇਗੀ। ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਖੇਤੀ ਨਾਲ ਸਬੰਧਿਤ ਆਰਡੀਨੈਂਸ ਰੱਦ ਨਾ ਕੀਤੇ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰ ਦਿੱਤਾ ਜਾਵੇਗਾ ਅਤੇ ਸੜਕੀ ਆਵਾਜਾਈ ਬੰਦ ਰੱਖਣ ਦਾ ਫ਼ੈਸਲਾ ਅਣਮਿੱਥੇ ਸਮੇਂ ਤੱਕ ਵਧਾਇਆ ਜਾ ਸਕਦਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਸਭਰਾਅ, ਗੁਰਬਚਨ ਸਿੰਘ ਚੱਬਾ, ਚਰਨ ਸਿੰਘ ਕਲੇਰ ਘੁਮਾਣ, ਕਰਮ ਸਿੰਘ ਬੱਲ ਸਰਾਂ, ਦਲਜੀਤ ਸਿੰਘ ਬੱਲ ਸਰਾਂ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ। ਇਸੇ ਦੌਰਾਨ, ਆੜ੍ਹਤੀਆਂ ਐਸੋਸੀਏਸ਼ਨ ਰਈਆ ਮੰਡੀ ਦੇ ਪ੍ਰਧਾਨ ਰਾਜੀਵ ਕੁਮਾਰ ਰਾਜੂ ਅਤੇ ਦੂਜੀ ਯੂਨੀਅਨ ਦੇ ਪ੍ਰਧਾਨ ਰਾਜਨ ਵਰਮਾ ਨੇ ਵੱਖ ਵੱਖ ਮੀਟਿੰਗਾਂ ਕਰ ਕੇ 15 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਵਲੋ ਕੇਂਦਰ ਸਰਕਾਰ ਵਲੋ ਖੇਤੀਬਾੜੀ ਨਾਲ ਸੰਬੰਧਿਤ ਤਿੰਨ ਆਰਡੀਨੈਂਸਾਂ ਨੂੰ ਪਾਸ ਕਰਨ ਵਿਰੁੱਧ ਹਮਾਇਤ ਦਿੰਦਿਆਂ ਕਿਹਾ ਕਿ ਸਮੁੱਚੀ ਅਨਾਜ ਮੰਡੀ ਦੀਆ ਸਾਰੀਆਂ ਦੁਕਾਨਾਂ ਬੰਦ ਰੱਖ ਕੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟ ਕੀਤਾ ਜਾਵੇਗਾ।
ਸ੍ਰੀ ਹਰਗੋਬਿੰਦਪੁਰ/ਟਾਂਡਾ (ਗੁਰਭੇਜ ਸਿੰਘ ਰਾਣਾ/ ਸੁਰਿੰਦਰ ਸਿੰਘ ਗੁਰਾਇਆ) ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਖੇਤੀ ਆਰਡੀਨੈਂਸਾਂ ਦੇ ਵਿਰੁੱਧ ਸ੍ਰੀ ਹਰਗੋਬਿੰਦਪੁਰ-ਟਾਂਡਾ ਰੋਡ ’ਤੇ ਬਿਆਸ ਦਰਿਆ ਦੇ ਪੁਲ ’ਤੇ ਜਾਮ ਲਗਾ ਦਿੱਤਾ ਅਤੇ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਜ਼ੋਨ ਦਮਦਮਾ ਸਾਹਿਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਖ਼ਾਨਪੁਰ ਤੇ ਸਕੱਤਰ ਕੁਲਬੀਰ ਸਿੰਘ ਕਾਹਲੋਂ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਦਾਣਾ ਮੰਡੀ ਸ੍ਰੀ ਹਰਗੋਬਿੰਦਪੁਰ ਵਿੱਚ ਇਕੱਠੇ ਹੋਣ ਉਪਰੰਤ ਸ੍ਰੀ ਹਰਗੋਬਿੰਦਪੁਰ-ਟਾਂਡਾ ਰੋਡ ’ਤੇ ਬਿਆਸ ਦਰਿਆ ਦੇ ਪੁਲ ’ਤੇ ਪਹੁੰਚੇ ਜਿੱਥੇ ਪਹਿਲਾਂ ਹੀ ਕਿਸਾਨ ਆਗੂ ਕੁਲਦੀਪ ਸਿੰਘ ਬੇਗੋਵਾਲ, ਰਣਜੀਤ ਸਿੰਘ ਕਲੇਰਬਾਲਾ, ਰਣਬੀਰ ਸਿੰਘ ਡੁੱਗਰੀ, ਗੁਰਪ੍ਰਤਾਪ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ। ਧਰਨੇ ਵਿੱਚ ਸ਼ਾਮਿਲ ਹਜ਼ਾਰਾਂ ਕਿਸਾਨਾਂ ਵੱਲੋਂ ਸਰਕਾਰ ਵੱਲੋਂ ਜਾਰੀ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਤੇ ਇਨ੍ਹਾਂ ਆਰਡੀਨੈਂਸਾਂ ਨੂੰ ਕਿਸਾਨ ਵਿਰੋਧੀ ਦੱਸਦਿਆਂ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ।ਕਿਸਾਨ ਆਗੂ ਸਵਿੰਦਰ ਸਿੰਘ ਚੁਤਾਲਾ, ਗੁਰਪ੍ਰੀਤ ਸਿੰਘ ਖ਼ਾਨਪੁਰ, ਕੁਲਬੀਰ ਸਿੰਘ ਕਾਹਲੋਂ, ਸਵਿੰਦਰ ਸਿੰਘ ਰੂਪੋਵਾਲੀ, ਬਖਸ਼ੀਸ਼ ਸਿੰਘ ਮੁਲਤਾਨੀ, ਪਰਮਜੀਤ ਸਿੰਘ, ਸੋਹਣ ਸਿੰਘ ਬਾਗੜੀਆਂ, ਹਰਜੀਤ ਸਿੰਘ ਨਡਾਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪ੍ਰਾਈਵੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕਿਸਾਨਾਂ ਦੇ ਉਜਾੜੇ ਦਾ ਮੁੱਢ ਬੱਝਿਆ ਜਾ ਰਿਹਾ ਹੈ ਤੇ ਖੇਤੀ ਸਬੰਧੀ ਆਰਡੀਨੈਂਸ ਜਾਰੀ ਕਰਕੇ ਉਨ੍ਹਾਂ ਆਰਡੀਨੈਂਸਾਂ ਨਾਲ ਕਿਸਾਨ, ਆੜ੍ਹਤੀ, ਦੁਕਾਨਦਾਰਾਂ ਤੇ ਮਜ਼ਦੂਰਾਂ ਨੂੰ ਵਿਹਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਜਾਨਾਂ ਵਾਰ ਕੇ ਵੀ ਆਪਣੀਆਂ ਜ਼ਮੀਨਾਂ ਤੇ ਕਿੱਤੇ ਦੀ ਰਾਖੀ ਕਰਨਗੇ। ਪੁਲ ਜਾਮ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਨੂੰ ਧਰਨੇ ਲਾਉਣ ਤੇ ਚੱਕਾ ਜਾਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆਂ ਕਿ ਜਥੇਬੰਦੀ ਵੱਲੋਂ ਵਿਧਾਇਕਾਂ, ਲੋਕ ਸਭਾ ਮੈਂਬਰਾਂ ਦੇ ਘਰਾਂ ਦੇ ਬਾਹਰ, ਡੀਸੀ ਦਫ਼ਤਰਾਂ ਤੇ ਜੇਲ੍ਹਾਂ ਦੇ ਬਾਹਰ ਧਰਨੇ ਲਗਾਏ ਜਾ ਚੁੱਕੇ ਹਨ ਤੇ ਟਰੈਕਟਰ ਮਾਰਚ ਕੀਤੇ ਜਾ ਚੁੱਕੇ ਹਨ ਪਰ ਕੋਈ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਸੀ ਤੇ ਮਜਬੂਰਨ ਚੱਕਾ ਜਾਮ ਕਰਨਾ ਪਿਆ ਹੈ। ਉਨ੍ਹਾਂ ਦੱਸਿਆ ਕਿ ਦੇਸ ਭਰ ਵਿੱਚ ਕਿਸਾਨਾਂ ਦੀਆਂ 250 ਜਥੇਬੰਦੀਆਂ ਵੱਲੋਂ ਇਨਾਂ ਆਰਡੀਨੈਂਸਾਂ ਵਿਰੁੱਧ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਟਿਆਲਾ ਅਤੇ ਬਾਦਲਾਂ ਦੇ ਘਰ ਅੱਗੇ ਧਰਨੇ ਦੇਣਗੇ। ਇਸ ਮੌਕੇ ਕਸ਼ਮੀਰ ਸਿੰਘ ਫੱਤਾ ਕੁੱਲਾ, ਹਰਵਿੰਦਰ ਸਿੰਘ ਖੁਜਾਲਾ, ਗੁਰਜੀਤ ਸਿੰਘ, ਸੁਖਦੇਵ ਸਿੰਘ, ਸੰਤੋਖ ਸਿੰਘ, ਜਸਬੀਰ ਸਿੰਘ, ਗੁਰਵਿੰਦਰ ਸਿੰਘ ਬਾਜਵਾ, ਸੁਰਜੀਤ ਸਿੰਘ ਢਪੱਈ, ਹਰਦੀਪ ਸਿੰਘ ਫੌਜੀ, ਪ੍ਰੈਸ ਸਕੱਤਰ ਅਸ਼ੋਕ ਵਰਧਨ ਆਦਿ ਮੌਜੂਦ ਸਨ।
ਪੁਲੀਸ ਵੱਲੋਂ ਬਦਲਵੇਂ ਪ੍ਰਬੰਧਾਂ ਰਾਹੀਂ ਆਵਾਜਾਈ ਚਲਾਊਣ ਦੇ ਯਤਨ
ਜੰਡਿਆਲਾ ਗੁਰੂ (ਸਿਮਰਤ ਪਾਲ ਸਿੰਘ ਬੇਦੀ) ਖੇਤੀ ਵਿਰੋਧੀ ਕੇਂਦਰੀ ਆਰਡੀਨੈਂਸਾਂ ਖਿਲਾਫ਼ ਕਿਸਾਨਾਂ ਵੱਲੋਂ ਬਿਆਸ ਦਰਿਆ ਦੇ ਪੁਲ ਉਪਰ ਆਵਾਜਾਈ ਨੂੰ ਜਾਮ ਕਰਨ ਕਾਰਨ ਅੰਮ੍ਰਿਤਸਰ ਤੋਂ ਜਲੰਧਰ ਅਤੇ ਹੋਰ ਪਾਸੇ ਜਾਣ ਵਾਲੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਥਾਨਕ ਪੁਲੀਸ ਵੱਲੋਂ ਜੰਡਿਆਲਾ ਗੁਰੂ ਤਰਨ ਤਾਰਨ ਬਾਈਪਾਸ, ਮਾਨਾਂਵਾਲਾ ਜੀਟੀ ਰੋਡ ਉੱਪਰ ਨਾਕੇ ਲਗਾ ਕੇ ਆਵਾਜਾਈ ਨੂੰ ਬਦਲਵੇਂ ਰਾਹਾਂ ਉਪਰ ਪਾ ਕੇ ਆਵਾਜਾਈ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਗਈ।ਅੰਮ੍ਰਿਤਸਰ ਤੋਂ ਬਿਆਸ ਅਤੇ ਬਿਆਸ ਨੂੰ ਪਾਰ ਕਰਕੇ ਅੱਗੇ ਜਾਣ ਵਾਲੀਆਂ ਬੱਸਾਂ ਨੂੰ ਮਾਨਾਂਵਾਲਾ ਵਿਖੇ ਹੀ ਰੋਕ ਲਿਆ ਗਿਆ। ਪੁਲੀਸ ਵੱਲੋਂ ਵੀ ਤਰਨ ਤਾਰਨ ਬਾਈਪਾਸ ਉੱਪਰ ਨਾਕਾ ਲਗਾ ਕੇ ਅੰਮ੍ਰਿਤਸਰ ਆਉਣ ਜਾਣ ਵਾਲੀ ਆਵਾਜਾਈ ਬਦਲਵੇਂ ਰਸਤੇ ਉਪਰੋਂ ਲੰਘਾਇਆ ਗਿਆ। ਖ਼ਬਰ ਲਿਖੇ ਜਾਣ ਤੱਕ ਆਵਾਜਾਈ ਬਹਾਲ ਨਹੀਂ ਹੋ ਸਕੀ।