ਪੱਤਰ ਪ੍ਰੇਰਕ
ਤਰਨ ਤਾਰਨ, 12 ਜੁਲਾਈ
ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ਼) ਦੀ ਸਥਾਨਕ ਜ਼ਿਲ੍ਹਾ ਇਕਾਈ ਵਲੋਂ ਅੱਜ ਇੱਥੇ ਸੈਕੰਡਰੀ ਸਿੱਖਿਆ ਵਿਭਾਗ ਨਾਲ ਸਬੰਧਿਤ ਅਧਿਆਪਕਾਂ ਦੀਆਂ ਬਦਲੀਆਂ ਲਈ ਕੀਤੀ ਕਥਿਤ ਯੋਜਨਾਬੰਦੀ ਨਾਲ ਵੱਡੀ ਗਿਣਤੀ ਅਧਿਆਪਕਾਂ ਨੂੰ ਖੱਜਲ ਖੁਆਰ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ। ਜਥੇਬੰਦੀ ਨੇ ਇਸ ਸਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ, ਜਨਰਲ ਸਕੱਤਰ ਕਸ਼ਮੀਰ ਸਿੰਘ ਚੋਹਲਾ ਤੋਂ ਇਲਾਵਾ ਪ੍ਰਤਾਪ ਸਿੰਘ ਠੱਠਗੜ੍ਹ, ਕੰਵਰਦੀਪ ਸਿੰਘ ਢਿੱਲੋਂ ਆਦਿ ਨੇ ਕਿਹਾ ਕਿ ਇਸ ਵਾਰ ਬਦਲੀ ਪ੍ਰਕਿਰਿਆ ਦੌਰਾਨ ਅਧਿਆਪਕਾਂ ਨੂੰ ਡੇਟਾ ਦਰੁਸਤ ਕਰਨ ਦਾ ਸਮਾਂ ਨਹੀਂ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਅਧਿਆਪਕਾਂ ਨੂੰ ਸਟੇਸ਼ਨ ਚੋਣ ਲਈ ਇੱਕ ਹੀ ਦਿਨ ਦਿੱਤਾ ਗਿਆ, ਜਿਸ ਦੌਰਾਨ ਈ-ਪੰਜਾਬ ਪੋਰਟਲ ’ਤੇ ਇੱਕੋ ਦਿਨ ਹਜ਼ਾਰਾਂ ਅਧਿਆਪਕਾਂ ਦੇ ਆਨਲਾਈਨ ਹੋਣ ਕਾਰਨ ਸਾਈਟ ਜਾਮ ਹੋ ਗਈ। ਜਥੇਬੰਦੀ ਨੇ ਕਿਹਾ ਕਿ ਇਕ ਸਾਜ਼ਿਸ਼ ਤਹਿਤ ਸ਼ਹਿਰੀ ਸਟੇਸ਼ਨ ਸ਼ੋਅ ਤੱਕ ਵੀ ਨਹੀਂ ਕੀਤੇ ਗਏ, ਜਿਸ ਨਾਲ ਕਈ ਯੋਗ ਅਧਿਆਪਕ ਢੁੱਕਵੇਂ ਸਟੇਸ਼ਨ ਲੈਣ ਤੋਂ ਵਾਂਝੇ ਰਹਿ ਗਏ ਹਨ। ਆਗੂਆਂ ਨੇ ਯੋਗ ਅਧਿਆਪਕਾਂ ਨੂੰ ਇਕ ਹੋਰ ਮੌਕਾ ਦੇਣ ਦੀ ਮੰਗ ਕੀਤੀ ਹੈ।