ਹਰਜੀਤ ਪਰਮਾਰ
ਬਟਾਲਾ, 20 ਅਗਸਤ
ਪੁਲੀਸ ਜ਼ਿਲ੍ਹਾ ਬਟਾਲਾ ਦੇ ਪਿੰਡ ਦਰਗਾਬਾਦ ਵਿੱਚ ਇੱਕ ਵਿਆਹੁਤਾ ਨੇ ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਸ਼ਨਾਖ਼ਤ ਸ਼ਵੇਤਾ ਪਤਨੀ ਸੰਨੀ ਮਸੀਹ ਵਾਸੀ ਦਰਗਾਬਾਦ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਪਿਤਾ ਤਰਸੇਮ ਸਿੰਘ ਵਾਸੀ ਮਾਨ ਨਗਰ ਬਟਾਲਾ ਨੇ ਦੱਸਿਆ ਕਿ ਉਸ ਦੀ ਲੜਕੀ ਸ਼ਵੇਤਾ ਦਾ ਵਿਆਹ ਕਰੀਬ 10 ਸਾਲ ਪਹਿਲਾਂ ਸੰਨੀ ਮਸੀਹ ਪੁੱਤਰ ਬੀਰਾ ਮਸੀਹ ਵਾਸੀ ਦਰਗਾਬਾਦ ਨਾਲ ਹੋਇਆ ਸੀ ਅਤੇ ਉਸ ਦੇ ਤਿੰਨ ਬੱਚੇ ਵੀ ਹਨ। ਉਸ ਨੇ ਦੱਸਿਆ ਕਿ ਉਸ ਦਾ ਪਤੀ ਸ਼ਰਾਬ ਪੀ ਕੇ ਅਕਸਰ ਉਸ ਦੀ ਕੁੱਟਮਾਰ ਕਰਦਾ ਰਹਿੰਦਾ ਸੀ। ਕਈ ਵਾਰ ਦੋਵਾਂ ਪਰਿਵਾਰਾਂ ਵਿੱਚ ਪੰਚਾਇਤੀ ਪੱਧਰ ਉੱਤੇ ਰਾਜ਼ੀਨਾਮੇ ਵੀ ਹੋਏ ਪਰ ਹਾਲਾਤ ਵਿਗੜਦੇ ਗਏ।
ਇਸ ਸਬੰਧੀ ਥਾਣਾ ਕੋਟਲੀ ਸੂਰਤ ਮੱਲੀ ਦੇ ਮੁਖੀ ਰਣਜੋਧ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕਾ ਦੇ ਪਤੀ ਸੰਨੀ ਮਸੀਹ ਅਤੇ ਸਹੁਰਾ ਬੀਰਾ ਮਸੀਹ ਖਿਲਾਫ਼ ਮੁਕੱਦਮਾ ਦਰਜ ਕਰਕੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਆਰੰਭ ਦਿੱਤੀ ਹੈ।