ਪਠਾਨਕੋਟ:
ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇਅ ’ਤੇ ਇੱਥੇ ਕੈਂਟ ਰੇਲਵੇ ਸਟੇਸ਼ਨ ਨੇੜੇ ਟਰੱਕ ਤੇ ਟਰੈਕਟਰ ਦੀ ਟੱਕਰ ’ਚ ਟਰੈਕਟਰ ਸਵਾਰ 6 ਪਰਵਾਸੀ ਮਜ਼ਦੂਰ ਜ਼ਖਮੀ ਹੋ ਗਏ। ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਜਿੱਥੇ ਸਾਰੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਟਰੈਕਟਰ ਦੇ ਪਿੱਛੇ ਲੈਂਟਰ ਪਾਉਣ ਵਾਲੀ ਮਿਕਸਰ ਮਸ਼ੀਨ ਵੀ ਲਿਜਾਈ ਜਾ ਰਹੀ ਸੀ ਜੋ ਪਲਟ ਗਈ। ਹਸਪਤਾਲ ਵਿੱਚ ਦਾਖਲ ਜ਼ਖਮੀ ਰੋਹਿਤ ਪਟੇਲ ਨੇ ਦੱਸਿਆ ਕਿ ਉਹ ਅੱਜ ਸਵੇਰੇ ਲੈਂਟਰ ਪਾਉਣ ਲਈ ਟਰੈਕਟਰ ’ਤੇ ਸਵਾਰ ਹੋ ਕੇ ਜਾ ਰਹੇ ਸਨ ਅਤੇ ਜਦ ਢਾਂਗੂ ਰੋਡ ਪੁਲ ’ਤੇ ਪੁੱਜੇ ਤਾਂ ਪਿੱਛੇ ਤੋਂ ਆਏ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਟਰੈਕਟਰ ਪਲਟ ਗਿਆ। ਟਰੈਕਟਰ ’ਤੇ ਛੇ ਪਰਵਾਸੀ ਮਜ਼ਦੂਰ ਸਵਾਰ ਸਨ। ਜਿਨ੍ਹਾਂ ਵਿੱਚੋਂ ਤਿੰਨਾਂ ਨੂੰ ਜ਼ਿਆਦਾ ਸੱਟਾਂ ਵੱਜੀਆਂ ਹਨ। ਪੁਲੀਸ ਨੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭ ਦਿੱਤੀ ਹੈ। -ਪੱਤਰ ਪ੍ਰੇਰਕ