ਪੱਤਰ ਪ੍ਰੇਰਕ
ਚੇਤਨਪੁਰਾ, 20 ਅਕਤੂਬਰ
ਟੈਕਨੀਕਲ ਸਰਵਿਸਜ਼ ਯੂਨੀਅਨ ਪੰਜਾਬ ਰਾਜ ਬਿਜਲੀ ਬੋਰਡ ਦੀ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਕ ਸੰਸਾਰ ਬੈਂਕ ਤੇ ਵਿਸ਼ਵ ਵਪਾਰ ਸੰਸਥਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਿਜਲੀ, ਪਾਣੀ, ਵਿੱਦਿਆ ਤੇ ਸਿਹਤ ਸਹੂਲਤਾਂ ਆਦਿ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਨੀਤੀਆਂ ’ਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੰਗਰੂਰ ’ਚ ਲਾਏ ਪੱਕੇ ਮੋਰਚੇ ਦੀ ਹਮਾਇਤ ਵਿੱਚ ਤੇ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਮੰਗ ਪੱਤਰ ’ਚ ਦਰਜ ਮੰਗਾਂ ਲਈ ਸਬ ਡਵੀਜ਼ਨ ਹਰਸ਼ਾ ਛੀਨਾ ’ਚ ਰੈਲੀ ਕਰਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਜਿਸ ਦੀ ਪ੍ਰਧਾਨਗੀ ਪ੍ਰਧਾਨ ਜੁਗਰਾਜ ਸਿੰਘ ਛੀਨਾ ਨੇ ਕੀਤੀ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਪੰਜਾਬ ਦੇ ਸਮੁੱਚੇ ਅਦਾਰੇ ਲੋਟੂ ਕਾਰਪੋਰੇਟਾਂ ਹਵਾਲੇ ਕਰਨ ਲਈ ਨੀਤੀਆਂ ਬਦਲ ਰਹੀ ਹੈ। ਬਿਜਲੀ ਬੋਰਡ ਦਾ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਨਿੱਜੀਕਰਨ ਕਰਨ ਲਈ ਅੱਗੇ ਵਧ ਰਹੀ ਹੈ, ਬਿਜਲੀ ਕਾਮਿਆਂ ਦੀਆਂ ਸੇਵਾ ਸ਼ਰਤਾਂ ਤਬਦੀਲ ਕਰ ਦਿੱਤੀਆਂ ਹਨ, ਭੱਤਿਆਂ ’ਚ ਕਟੌਤੀਆਂ ਕਰ ਦਿੱਤੀਆਂ ਹਨ। ਵੰਡ ਸਿਸਟਮ ਦਾ ਮੁਕੰਮਲ ਨਿੱਜੀਕਰਨ ਕਰਨ ਲਈ ਹੀ ਸਮਾਰਟ/ਪ੍ਰੀਪੇਡ ਮੀਟਰ ਲਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਬਿਜਲੀ ਹੋਰ ਮਹਿੰਗੀ ਹੋਵੇਗੀ, ਆਮ ਲੋਕਾਂ ਨੂੰ ਮਿਲਦੀਆਂ ਸਬਸਿਡੀਆਂ-ਬਿਜਲੀ ਯੂਨਿਟਾਂ ’ਚ ਮਿਲਦੀ ਰਿਆਇਤ ਬੰਦ ਹੋਵੇਗੀ, ਮਹਿਕਮੇ ’ਚ ਮੀਟਰ ਰੀਡਰ, ਕੈਸ਼ੀਅਰ, ਕਲਰਕ, ਆਰ.ਏ. ਦਾ ਖਾਤਮਾ ਹੋ ਜਾਵੇਗਾ। ਆਗੂਆਂ ਨੇ ਮੰਗ ਕੀਤੀ ਕਿ ਸੰਗਰੂਰ ’ਚ ਪੱਕਾ ਮੋਰਚਾ ਲਾ ਕੇ ਬੈਠੇ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਫੌਰੀ ਲਾਗੂ ਕੀਤੀਆਂ ਜਾਣ, ਬਿਜਲੀ ਸੋਧ ਬਿੱਲ 2022 ਵਾਪਸ ਲਿਆ ਜਾਵੇ, ਬਿਜਲੀ ਬੋਰਡ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਸਮਾਰਟ/ਪ੍ਰੀਪੇਡ ਮੀਟਰ ਲਾਉਣ ਦਾ ਫੈਸਲਾ ਵਾਪਸ ਲਿਆ ਜਾਵੇ, ਡਿਸਮਿਸ ਕੀਤੇ ਆਗੂ ਬਹਾਲ ਕੀਤੇ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਨਵੇਂ ਭਰਤੀ ਹੋਣ ਵਾਲੇ ਕਾਮਿਆਂ ਤੇ ਪ੍ਰੋਬੇਸ਼ਨ ਪੀਰੀਅਡ ਦੀ ਸ਼ਰਤ ਖਤਮ ਕੀਤੀ ਜਾਵੇ, ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਫਾਰਮੂਲਾ ਲਾਗੂ ਕੀਤਾ ਜਾਵੇ, ਸੂਬਾ ਕਮੇਟੀ ਨੂੰ ਮੀਟਿੰਗ ਦੇ ਕੇ ਮੰਗਾਂ ਮਸਲਿਆਂ ਦਾ ਹੱਲ ਕੀਤਾ ਜਾਵੇ। ਰੈਲੀ ਨੂੰ ਸਰਕਲ ਪ੍ਰਧਾਨ ਮਲਕੀਅਤ ਸਿੰਘ ਸੈਂਸਰਾ, ਸਰਕਲ ਸਕੱਤਰ ਸੁਖਪਾਲ ਸਿੰਘ ਮਜੀਠਾ, ਪਰਮਿੰਦਰ ਸਿੰਘ, ਦਵਿੰਦਰ ਸਿੰਘ ਲੁਹਾਰਕਾ, ਜਰਨੈਲ ਸਿੰਘ ਸੈਂਸਰਾ, ਹਰਜਿੰਦਰ ਸਿੰਘ ਨਾਗੋਕੇ ਨੇ ਸੰਬੋਧਨ ਕੀਤਾ।