ਪੱਤਰ ਪ੍ਰੇਰਕ
ਤਰਨ ਤਾਰਨ, 29 ਜੂਨ
ਜ਼ਿਲ੍ਹੇ ਦੇ ਵੱਖ-ਵੱਖ ਚਾਰ ਸਕੂਲਾਂ ਦੇ ਛੇ ਹੋਣਹਾਰ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਸੂਬੇ ਦੀ ਮੈਰਿਟ ਸੂਚੀ ਵਿੱਚ ਸਥਾਨ ਪਾਇਆ ਹੈ| ਇਨ੍ਹਾਂ ਹੋਣਹਾਰ ਵਿਦਿਆਰਥੀਆਂ ਵਿੱਚ ਤਿੰਨ ਲੜਕੇ ਤੇ ਤਿੰਨ ਲੜਕੀਆਂ ਸ਼ਾਮਲ ਹਨ| ਇਨ੍ਹਾਂ ਵਿਦਿਆਰਥੀਆਂ ’ਚੋਂ ਚਾਰ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਤੋਂ ਅਤੇ ਦੋ ਸਰਕਾਰੀ ਸਕੂਲਾਂ ਦੇ ਹਨ| ਮੈਰਿਟ ਸੂਚੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਦੇ ਜਸਪ੍ਰੀਤ ਸਿੰਘ, ਸੌਰਵਦੀਪ ਸਿੰਘ ਅਤੇ ਕੋਮਲਪ੍ਰੀਤ ਕੌਰ ਸ਼ਾਮਲ ਹਨ|
ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਪ੍ਰਭਸਿਮਰਨ ਸਿੰਘ ਆਹਲੂਵਾਲੀਆ ਨੇ ਸੂਬੇ ਦੀ ਮੈਰਿਟ ਲਿਸਟ ਵਿੱਚੋਂ ਸੱਤਵਾਂ ਅਤੇ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ| ਪ੍ਰਭਸਿਮਰਨ ਦੀ ਮਾਤਾ ਰਵਿੰਦਰ ਕੌਰ ਤਰਨ ਤਾਰਨ ਦੇ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਨਿਯੁਕਤ ਹਨ| ਇਸ ਤੋਂ ਇਲਾਵਾ ਗੁਰੂ ਅਮਰ ਦਾਸ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਦੀ ਵਿਦਿਆਰਥਣ ਕਿਰਨਦੀਪ ਕੌਰ ਅਤੇ ਨਿਹ ਕਲੰਕ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਘੜਿਆਲਾ ਦੀ ਰੋਸਮੇ ਸੰਧੂ ਨੇ ਵੀ ਸੂਬੇ ਦੀ ਮੈਰਿਟ ਸੂਚੀ ਵਿੱਚ ਸਥਾਨ ਪਾਇਆ ਹੈ|
ਇਸੇ ਤਰ੍ਹਾਂ ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ, ਰਾਣੀ ਵਲਾਹ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦ ਰਿਹਾ ਹੈ|
ਅੰਮ੍ਰਿਤਸਰ ’ਚੋਂ ਅੱਵਲ ਰਹੀ ਸਮਰੀਨ ਕੌਰ ਦਾ ਸਨਮਾਨ
ਅੰਮ੍ਰਿਤਸਰ (ਪੱਤਰ ਪ੍ਰੇਰਕ): ਸਮਾਜ ਸੇਵੀ ਸੰਸਥਾ ਮਾਣ ਧੀਆਂ ਤੇ ਸਮਾਜ ਭਲਾਈ ਸੁਸਾਇਟੀ ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਅੱਜ ਸਰਹੱਦੀ ਪਿੰਡ ਅਟਾਰੀ ਦੇ ਓਲੰਪੀਅਨ ਸ਼ਮਸ਼ੇਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸਮਰੀਨ ਕੌਰ ਨੂੰ 12ਵੀਂ ਦੇ ਸਾਇੰਸ ਗੁਰੱਪ ਵਿਚੋਂ 500 ਵਿਚੋਂ 496 (99.20) ਅੰਕ ਲੈ ਕੇ ਜ਼ਿਲ੍ਹੇ ’ਚੋਂ ਅੱਵਲ ਰਹਿਣ ’ਤੇ ਸਨਮਾਨਿਤ ਕੀਤਾ ਹੈ। ਇਸ ਮੌਕੇ ਵਿਦਿਆਰਥਣ ਦੇ ਪਿਤਾ ਹਰਜਿੰਦਰ ਸਿੰਘ ਅਤੇ ਮਾਤਾ ਗੁਰਬੀਰ ਕੌਰ ਨੂੰ ਵਧਾਈ ਦਿੱਤੀ ਗਈ।
ਸਰਕਾਰੀ ਸਕੂਲ ਭਕਨਾ ਖੁਰਦ ਦਾ ਨਤੀਜਾ ਸ਼ਾਨਦਾਰ
ਅਟਾਰੀ (ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਕਨਾ ਖੁਰਦ ਦਾ ਬਾਰ੍ਹਵੀਂ ਜਮਾਤ ਸਾਇੰਸ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸਾਲ ਸਕੂਲ ਦੀਆਂ ਕੁੱਲ 16 ਵਿਦਿਆਰਥਣਾਂ ਨੇ ਪ੍ਰੀਖਿਆ ਵਿੱਚ ਭਾਗ ਲਿਆ, ਜਿਸ ਵਿੱਚ ਸੁਖਮਨਪ੍ਰੀਤ ਕੌਰ ਨੇ 97.6 ਪ੍ਰਤੀਸ਼ਤ ਅਤੇ ਪਰਨੀਤ ਕੌਰ ਨੇ 96.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ। ਰਾਜਬੀਰ ਕੌਰ, ਨਵਨੀਤ ਕੌਰ ਅਤੇ ਮਨਰੂਪ ਕੌਰ ਨੇ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕਰਕੇ ਸਕੂਲ ਅਤੇ ਅਧਿਆਪਕਾਂ ਦਾ ਮਾਣ ਵਧਾਇਆ।