ਪੱਤਰ ਪ੍ਰੇਰਕ
ਪਠਾਨਕੋਟ, 20 ਸਤੰਬਰ
ਪਠਾਨਕੋਟ ਪੁਲੀਸ ਨੇ ਭਰਤੀ ਅਤੇ ਵਿਦੇਸ਼ ਯਾਤਰਾ ਨਾਲ ਸਬੰਧਤ ਧੋਖਾਧੜੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਾਹਿਲ ਅਰੋੜਾ ਅਤੇ ਫ਼ਰਜ਼ੀ ਟਰੈਵਲ ਏਜੰਟ ਕਮਲ ਕੁਮਾਰ ਵਜੋਂ ਹੋਈ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੁਲੀਸ ਵਿੰਚ ਭਰਤੀ ਕਰਵਾਉਣ ਦੇ ਨਾਂ ’ਤੇ ਧੋਖਾਧੜੀ ਹੋਣ ਦੀਆਂ ਅਤੇ ਫ਼ਰਜ਼ਂ ਟਰੈਵਲ ਏਜੰਟਾਂ ਬਾਰੇ ਬਹੁਤ ਸ਼ਿਕਾਇਤਾਂ ਮਿਲੀਆਂ ਸਨ। ਇਸ ’ਤੇ ਕਾਰਵਾਈ ਕਰਦੇ ਹੋਏ ਡੀਐੱਸਪੀ ਹੈੱਡਕੁਆਰਟਰ ਨਛੱਤਰ ਸਿੰਘ ਅਤੇ ਈਡਬਲਿਊਓ ਵਿੰਗ ਦੀ ਇੰਸਪੈਕਟਰ ਗੁਰਪ੍ਰੀਤ ਕੌਰ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਜਾਂਚ ਵਿੱਚ ਪਤਾ ਲੱਗਿਆ ਕਿ ਪ੍ਰੀਤ ਨਗਰ, ਪਠਾਨਕੋਟ ਦੇ ਵਸਨੀਕ ਸਾਹਿਲ ਅਰੋੜਾ ਨੇ ਝੂਠਾ ਦਾਅਵਾ ਕੀਤਾ ਸੀ ਕਿ ਉਸ ਦੇ ਪੰਜਾਬ ਪੁਲੀਸ ਅੰਦਰ ਪ੍ਰਭਾਵਸ਼ਾਲੀ ਸਬੰਧ ਹਨ। ਇਸ ਝੂਠ ਦਾ ਫ਼ਾਇਦਾ ਲੈਂਦ ਹੋਏ ਸਾਹਿਲ ਅਰੋੜਾ ਨੇ ਪੀੜਤਾਂ ਨੂੰ ਸਰਕਾਰੀ ਨੌਕਰੀਆਂ ਲਗਾਉਣ ਦਾ ਲਾਰਾ ਲਾ ਕੇ ਉਨ੍ਹਾਂ ਕੋਲੋਂ ਮੋਟੀ ਰਕਮ ਠੱਗੀ ਸੀ। ਉਸ ਨੇ ਪੀੜਤ ਮੋਹਿਤ ਚੌਧਰੀ ਨਾਲ ਧੋਖਾ ਕਰ ਕੇ ਉਸ ਕੋਲੋਂ 24,00,000 ਰੁਪਏ ਠੱਗ ਲਏ ਸਨ। ਪਠਾਨਕੋਟ ਪੁਲੀਸ ਨੇ ਧੋਖਾਧੜੀ ਕਰਨ ਵਾਲੇ ਸਾਹਿਲ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਹੈ। ਇੱਕ ਹੋਰ ਮਾਮਲੇ ਵਿੱਚ ਪੀੜਤ ਮੋਹਿਤ ਚੌਧਰੀ ਦੇ ਰਿਸ਼ਤੇਦਾਰ ਨੂੰ ਕਮਲ ਕੁਮਾਰ ਨੇ ਉਸ ਦੇ ਪੁੱਤਰ ਦੀ ਵਿਦੇਸ਼ ਯਾਤਰਾ ਦੀ ਸਹੂਲਤ ਦੇਣ ਦਾ ਝੂਠਾ ਵਾਅਦਾ ਕਰਕੇ ਪਰਿਵਾਰ ਕੋਲੋਂ 2,40,000 ਰੁਪਏ ਠੱਗ ਲਏ ਸਨ। ਉਸ ਨੇ ਨਾ ਤਾਂ ਵਾਅਦਾ ਪੂਰਾ ਕੀਤਾ ਤੇ ਉਸ ਵੱਲੋਂ ਦਿੱਤਾ ਚੈੱਕ ਵੀ ਬਾਊਂਸ ਹੋ ਗਿਆ। ਪਠਾਨਕੋਟ ਪੁਲੀਸ ਨੇ ਕਮਲ ਕੁਮਾਰ ਨੂੰ ਕਾਬੂ ਕਰ ਿਲਆ ਹੈ।