ਐਨ. ਪੀ.ਧਵਨ
ਪਠਾਨਕੋਟ, 31 ਮਾਰਚ
ਸ਼ਾਹਪੁਰਕੰਡੀ ਡੈਮ (ਬੈਰਾਜ) ਪ੍ਰਾਜੈਕਟ ਵਿੱਚ ਨੌਕਰੀਆਂ ਨਾ ਮਿਲਣ ਦੇ ਰੋਸ ਵੱਜੋਂ ਆਊਸਟੀਜ਼ ਪਰਿਵਾਰਾਂ ਦੇ ਦੋ ਬਜ਼ੁਰਗ ਸ਼ਰਮ ਸਿੰਘ (87) ਤੇ ਕੁਲਵਿੰਦਰ ਸਿੰਘ (70) ਰਣਜੀਤ ਸਾਗਰ ਡੈਮ ਦੇ ਮੁੱਖ ਇੰਜਨੀਅਰ ਦਫਤਰ ਮੂਹਰੇ ਬਣੇ ਬੀਐੱਸਐੱਨਐੱਲ ਦੇ 150 ਫੁੱਟ ਉੱਚੇ ਟਾਵਰ ’ਤੇ ਚੜ੍ਹ ਗਏ। ਸ਼ਾਮ ਤੱਕ ਇੰਨ੍ਹਾਂ ਨੂੰ ਟਾਵਰ ਤੋਂ ਹੇਠਾਂ ਉਤਾਰਨ ਦਾ ਪ੍ਰਸ਼ਾਸਨ ਨੇ ਕੋਈ ਕਦਮ ਨਹੀਂ ਚੁੱਕਿਆ ਅਤੇ ਨਾ ਹੀ ਉਨ੍ਹਾਂ ਦੀਆਂ ਮੰਗਾਂ ਮੰਨੀਆਂ।
ਬੈਰਾਜ ਆਊਸਟੀਜ਼ ਸੰਘਰਸ਼ ਕਮੇਟੀ ਦੇ ਪ੍ਰਧਾਨ ਦਿਆਲ ਸਿੰਘ ਨੇ ਦੱਸਿਆ ਕਿ ਸ਼ਾਹਪੁਰਕੰਡੀ ਡੈਮ ਪ੍ਰੋਜੈਕਟ ਦਾ ਕੰਮ ਸਾਲ 2013-14 ਵਿੱਚ ਸ਼ੁਰੂ ਹੋਇਆ ਸੀ। ਇਸ ਪ੍ਰੋਜੈਕਟ ਵਿੱਚ ਉਨ੍ਹਾਂ ਦੀਆਂ ਜ਼ਮੀਨਾਂ ਐਕੁਆਇਰ ਕੀਤੀਆਂ ਗਈਆਂ ਸਨ ਪਰ ਉਨ੍ਹਾਂ ਨੂੰ ਆਊਸਟੀ ਕੋਟੇ ਵਿੱਚੋਂ ਨੌਕਰੀਆਂ ਬਹੁਤ ਘੱਟ ਮਿਲੀਆਂ ਹਨ ਜਦੋਂ ਕਿ ਬਹੁਤ ਸਾਰੇ ਲੋਕ ਵਿਭਾਗੀ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਬਾਹਰੋਂ ਆ ਕੇ ਇਸ ਇਲਾਕੇ ਵਿੱਚ ਜ਼ਮੀਨਾਂ ਖਰੀਦ ਕੇ ਆਪਣੇ ਰੈਂਜੀਡੈਂਸ ਸਬੂਤ ਬਣਵਾ ਕੇ ਨੌਕਰੀ ਪ੍ਰਾਪਤ ਕਰ ਗਏ। ਸਰਕਾਰ ਦੀ ਪਾਲਸੀ ਮੁਤਾਬਕ ਕੇਵਲ 17 ਪਿੰਡਾਂ ਦੇ ਵਿਅਕਤੀਆਂ ਨੂੰ ਹੀ ਨੌਕਰੀਆਂ ਦਿੱਤੀਆਂ ਜਾਣੀਆਂ ਸਨ ਤੇ ਇੰਨ੍ਹਾਂ ਪਿੰਡਾਂ ਦੀ ਹੀ ਜ਼ਮੀਨ ਵਿੱਚ ਸ਼ਾਹਪੁਰਕੰਡੀ ਡੈਮ ਬਣ ਰਿਹਾ ਹੈ। ਇਸ ਤਰ੍ਹਾਂ ਨਾਲ 60 ਪ੍ਰਤੀਸ਼ਤ ਆਊਸਟੀਜ਼ ਨੌਕਰੀਆਂ ਲੈਣ ਲਈ ਦਫਤਰਾਂ ਦੇ ਪਿਛਲੇ ਕਈ ਸਾਲਾਂ ਤੋਂ ਚੱਕਰ ਕੱਟ ਰਹੇ ਹਨ।
ਪਿਛਲੇ 70 ਦਿਨਾਂ ਤੋਂ ਜਾਰੀ ਹੈ ਸੰਘਰਸ਼
ਰੁਜ਼ਗਾਰ ਦੀ ਮੰਗ ਨੂੰ ਪੂਰਾ ਕਰਵਾਉਣ ਲਈ ਡੈਮ ਆਊਸਟੀਜ਼ ਵੱਲੋਂ ਪਿਛਲੇ 70 ਦਿਨਾਂ ਤੋਂ ਡੈਮ ਦੇ ਮੁੱਖ ਇੰਜਨੀਅਰ ਦਫਤਰ ਮੂਹਰੇ ਧਰਨਾ ਦਿੱਤਾ ਜਾ ਰਿਹਾ ਹੈ ਪਰ ਅਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ। ਇਸ ਕਰਕੇ ਅੱਕ ਕੇ ਦੋਵੇਂ ਬਜ਼ੁਰਗ ਟਾਵਰ ਉਪਰ ਚੜ੍ਹ ਗਏ ਤੇ ਕਿਹਾ ਕਿ ਜੇਕਰ ਮੰਗ ਨਾ ਪੂਰੀ ਕੀਤੀ ਗਈ ਤਾਂ ਉਹ ਆਪਣੀ ਜਾਨ ਦੇ ਦੇਣਗੇ। ਪ੍ਰਧਾਨ ਦਿਆਲ ਸਿੰਘ ਨੇ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੀ ਰਿਪੋਰਟ ਨੂੰ ਲਾਗੂ ਕਰਕੇ ਬਾਕੀ ਰਹਿ ਗਏ ਆਊਸਟੀਆਂ ਨੂੰ ਨੌਕਰੀ ਦਿੱਤੀ ਜਾਵੇ।