ਪੱਤਰ ਪ੍ਰੇਰਕ
ਤਰਨ ਤਾਰਨ, 31 ਜੁਲਾਈ
ਇਕ ਸਾਲ ਪਹਿਲਾਂ ਸਰਹੱਦੀ ਖੇਤਰ ਦੇ ਪਿੰਡ ਨੌਸ਼ਹਿਰਾ ਢਾਲਾ ਦੇ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਅਣਖ ਖਾਤਰ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ ਦੋ ਮੁਲਜ਼ਮ ਭਰਾਵਾਂ ਨੂੰ ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਨੇ ਕਾਬੂ ਕਰ ਲਿਆ ਹੈ| ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਮਨੀ ਅਤੇ ਹਰਪ੍ਰੀਤ ਸਿੰਘ ਵਾਸੀ ਅਟਾਰੀ (ਥਾਣਾ ਘਰਿੰਡਾ) ਵਜੋਂ ਹੋਈ ਹੈ| ਮੁਲਜ਼ਮਾਂ ਨੂੰ ਉਨ੍ਹਾਂ ਖਿਲਾਫ਼ ਦਫ਼ਾ 302, 452, 148, 149 ਅਧੀਨ ਦਰਜ ਕੀਤੇ ਕੇਸ ਸਬੰਧੀ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ| ਨੌਸ਼ਹਿਰਾ ਪਿੰਡ ਵਿੱਚ 65 ਸਾਲਾ ਜੋਗਿੰਦਰ ਸਿੰਘ, ਉਸ ਦੇ 19 ਸਾਲਾ ਲੜਕੇ ਪਵਨਦੀਪ ਸਿੰਘ ਅਤੇ 18 ਲੜਕੀ ਪ੍ਰਭਜੋਤ ਕੌਰ ਦੀ ਹੱਤਿਆ ਕੀਤੀ ਗਈ ਸੀ, ਜਿਸ ਸਬੰਧੀ 12 ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ| ਇਹ ਵਾਰਦਾਤ ਨੌਸ਼ਹਿਰਾ ਦੇ ਨੌਜਵਾਨ ਹਰਮਨਜੀਤ ਸਿੰਘ ਵੱਲੋਂ ਨੇੜਲੇ ਢਾਲਾ ਦੀ ਲੜਕੀ ਨਾਲ ਪ੍ਰੇਮ ਵਿਵਾਹ ਕਰਵਾਏ ਜਾਣ ਕਾਰਨ ਵਾਪਰੀ ਸੀ| ਇਸੇ ਰੰਜਿਸ ਵਿੱਚ ਮੁਲਜ਼ਮਾਂ ਨੇ ਹਰਮਨਜੀਤ ਦੇ ਪਰਿਵਾਰ ’ਤੇ ਹਮਲਾ ਕਰ ਕੇ ਊਸ ਦੇ ਪਿਤਾ, ਭਰਾ ਤੇ ਭੈਣ ਦਾ ਕਤਲ ਕਰ ਦਿੱਤਾ ਸੀ। ਇਸ ਕੇਸ ਦੇ ਮੁਲਜ਼ਮ ਮਨਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਪੁਲੀਸ ਦੇ ਕਾਬੂ ਨਹੀਂ ਸੀ ਆ ਰਹੇ ਜਿਨ੍ਹਾਂ ਨੂੰ ਹੁਣ ਕਾਬੂ ਕਰ ਲਿਆ ਗਿਆ| ਮੁਲਜ਼ਮਾਂ ਨੇ ਅੱਧੀ ਰਾਤ ਵੇਲੇ ਪੀੜਤ ਪਰਿਵਾਰ ਦੇ ਘਰ ਦਾਖਲ ਹੋ ਕੇ ਸੁੱਤੇ ਪਏ ਮੈਂਬਰਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਤਿੰਨ ਜਣਿਆਂ ਦੀ ਬੇਰਹਮੀ ਨਾਲ ਹੱਤਿਆ ਕਰ ਦਿੱਤੀ ਸੀ।