ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 28 ਅਗਸਤ
ਅੰਮ੍ਰਿਤਸਰ ਤੋਂ ਫਤਹਿਗੜ੍ਹ ਚੂੜੀਆਂ ਵਾਇਆ ਸੰਗਤਪੁਰਾ ਰੋਡ ਦੀ ਹਾਲਤ ਇੰਨੀ ਮਾੜੀ ਹੈ ਕਿ ਇਸ ਸੜਕ ’ਤੇ ਆਏ ਦਿਨ ਸੜਕ ਹਾਦਸੇ ਵਾਪਰ ਰਹੇ ਹਨ। ਬੀਤੀ ਰਾਤ ਵੀ ਇਸੇ ਸੜਕ ’ਤੇ ਮੱਜੂਪੁਰਾ-ਸੰਗਤਪੁਰਾ ਵਿਚਕਾਰ ਲਾਹੌਰ ਬਰਾਂਚ ਨਹਿਰ ਦੇ ਪੁਲ ਕੋਲ ਇਕ ਕਾਰ, ਜਿਸ ਨੂੰ ਫਤਹਿਗੜ੍ਹ ਚੂੜ੍ਹੀਆਂ ਦਾ ਰਣਜੋਧ ਸਿੰਘ ਚਲਾ ਰਿਹਾ ਸੀ, ਸੜਕ ਦੇ ਟੋਇਆਂ ਕਾਰਨ ਸੰਤੁਲਨ ਵਿਗੜਨ ਕਾਰਨ ਪਲਟੀਆਂ ਖਾਂਦੀ ਖੇਤਾਂ ਵਿੱਚ ਜਾ ਡਿੱਗੀ। ਇਸ ਦੌਰਾਨ ਕਾਰ ਚਾਲਕ ਗੰਭੀਰ ਰੂਪ ਚ ਜ਼ਖ਼ਮੀ ਹੋ ਗਿਆ। ਇਸੇ ਜਗ੍ਹਾ ’ਤੇ ਹੀ ਅੱਜ ਰੇਤ ਨਾਲ ਭਰਿਆ ਇੱਕ ਟਰੱਕ ਪਲਟਣ ਕਾਰਨ ਚਾਲਕ ਕੁਲਬੀਰ ਸਿੰਘ ਜ਼ਖ਼ਮੀ ਹੋ ਗਿਆ। ਦੋਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਜਮਹੂਰੀ ਕਿਸਾਨ ਸਭਾ ਦੇ ਮੈਂਬਰ ਕਾਮਰੇਡ ਦਲਜੀਤ ਸਿੰਘ, ਸੁਰਮੈਲ ਸਿੰਘ, ਕਾਮਰੇਡ ਟਹਿਲ ਸਿੰਘ ਚੇਤਨਪੁਰਾ, ਅਵਤਾਰ ਸਿੰਘ, ਕੁਲਬੀਰ ਸਿੰਘ, ਬਲਕਾਰ ਸਿੰਘ ਦੋਧੀ, ਪ੍ਰਿੰਸ ਗੁਰਾਇਆ ਨੇ ਸੜਕ ਦੀ ਮਾੜੀ ਹਾਲਤ ਕਾਰਨ ਨਿੱਤ ਵਾਪਰ ਰਹੇ ਸੜਕ ਹਾਦਸਿਆਂ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲ ਤੋਂ ਪੰਜਾਬ ਸਰਕਾਰ ਵੱਲੋਂ ਇਸ ਸੜਕ ਨੂੰ ਚੌੜੀ ਕਰਨ ਲਈ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਅਜੇ ਤੱਕ ਇਹ ਸੜਕ ਨਹੀਂ ਬਣੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ। ਜ਼ਿਕਰਯੋਗ ਹੈ ਕਿ ਚਾਰ ਕੁ ਦਿਨ ਪਹਿਲਾਂ ਪਿੰਡ ਸੋਹੀਆ ਕਲਾਂ ਨੇੜੇ ਦੋ ਮੋਟਰਸਾਈਕਲਾਂ ਦੀ ਟੱਕਰ ਹੋ ਜਾਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਥਾਣਾ ਝੰਡੇਰ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।