ਗੁਰਬਖਸ਼ਪੁਰੀ
ਤਰਨ ਤਾਰਨ, 12 ਅਗਸਤ
ਥਾਣਾ ਸਦਰ ਦੀ ਪੁਲੀਸ ਨੇ ਜਾਅਲੀ ਭਾਰਤੀ ਕਰੰਸੀ ਬਣਾਉਣ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ| ਗੁਰਪ੍ਰੀਤ ਸਿੰਘ ਐੱਸਪੀ (ਜਾਂਚ) ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਕੋਲੋਂ 2,01,500 ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ| ਮੁਲਜ਼ਮਾਂ ਵਿੱਚ ਤਰਸਿੱਕਾ ਇਲਾਕੇ ਦੇ ਪਿੰਡ ਦਸਮੇਸ਼ ਨਗਰ (ਲੋਲਾ) ਦੇ ਵਾਸੀ ਹਰਦੀਪ ਸਿੰਘ ਅਤੇ ਰਾਏਪੁਰ ਕਲਾਂ ਦਾ ਵਾਸੀ ਰਮਨ ਕੁਮਾਰ ਸ਼ਰਮਾ ਸ਼ਾਮਲ ਹਨ|
ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸਬ-ਇੰਸਪੈਕਟਰ ਕੇਵਲ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਇਲਾਕੇ ਦੇ ਪਿੰਡ ਚੁਤਾਲਾ ਨੇੜਿਓਂ ਮੋਟਰਸਾਈਕਲ ’ਤੇ ਜਾਂਦਿਆਂ ਕਾਬੂ ਕੀਤਾ| ਉਨ੍ਹਾਂ ਕੋਲੋਂ ਬਰਾਮਦ ਕੀਤੀ ਕਰੰਸੀ ਵਿੱਚ 2000 ਰੁਪਏ ਤੇ 200 ਰੁਪਏ ਦੇ ਨੋਟ ਸ਼ਾਮਲ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਪੁਲੀਸ ਨੇ ਇੱਕ-ਇੱਕ ਪ੍ਰਿੰਟਰ, ਸਕੈਨਰ, ਕਟਰ, ਪੰਜ ਬੰਡਲ ਪੇਪਰ ਅਤੇ ਨੋਟ ਬਣਾਉਣ ਵਾਲਾ ਕੈਮੀਕਲ ਵੀ ਬਰਾਮਦ ਕੀਤਾ ਹੈ| ਪੁਲੀਸ ਨੇ ਦੱਸਿਆ ਕਿ ਮੁਲਜ਼ਮ ਲੋਕਾਂ ਨੂੰ ਉਨ੍ਹਾਂ ਦੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਅਸਲੀ ਕਰੰਸੀ ਲੈ ਕੇ ਜਾਅਲੀ ਕਰੰਸੀ ਦੇ ਦਿੰਦੇ ਸਨ। ਮੁਲਜ਼ਮਾਂ ਨੂੰ ਅੱਜ ਅਦਾਲਤ ਨੇ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਹੈ।
ਚੋਰੀ ਦੇ ਸਾਮਾਨ ਸਣੇ ਮੁਲਜ਼ਮ ਕਾਬੂ
ਫਗਵਾੜਾ: ਪਿੰਡ ਮਾਨਾਂਵਾਲੀ ਵਿੱਚ ਇੱਕ ਘਰ ’ਚੋਂ ਚੋਰੀ ਕਰਨ ਦੇ ਦੋਸ਼ ਹੇਠ ਸਦਰ ਪੁਲੀਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਡੀਐੱਸਪੀ ਬਬਨਦੀਪ ਸਿੰਘ ਨੇ ਦੱਸਿਆ ਕਿ ਤਨਵੀਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਾਨਾਂਵਾਲੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਘਰ ’ਚੋਂ ਮੋਬਾਈਲ ਤੇ ਲੈਪਟਾਪ ਚੋਰੀ ਹੋ ਗਿਆ ਹੈ। ਇਸ ’ਤੇ ਐੱਸ.ਆਈ ਸੁੱਚਾ ਸਿੰਘ ਨੇ ਰਾਕੇਸ਼ ਕੁਮਾਰ ਉਰਫ਼ ਰਿੱਕੀ ਵਾਸੀ ਪਿੰਡ ਘੁੰਮਣ ਨੂੰ ਕਾਬੂ ਕਰ ਕੇ ਉਸ ਪਾਸੋਂ ਚੋਰੀ ਕੀਤਾ ਸਾਮਾਨ ਬਰਾਮਦ ਕਰ ਲਿਆ ਹੈ। -ਪੱਤਰ ਪ੍ਰੇਰਕ