ਨਰਿੰਦਰ ਸਿੰਘ
ਭਿੱਖੀਵਿੰਡ, 20 ਅਪਰੈਲ
ਸਥਾਨਕ ਵੇਅਰਹਾਊਸ ਦੇ ਗੋਦਾਮਾਂ ’ਚ ਦੋ ਅਧਿਕਾਰੀਆਂ ਦੀ ਖਿੱਚੋਤਾਣ ਦੌਰਾਨ ਮੈਨੇਜਰ ’ਤੇ ਗੰਭੀਰ ਦੋਸ਼ ਲੱਗੇ ਹਨ। ਕਣਕ ਦੇ ਸੀਜਨ ਲਈ ਇੰਸਪੈਕਟਰ ਸੁਖਵਿੰਦਰ ਸਿੰਘ ਨੂੰ ਭਿੱਖੀਵਿੰਡ ਅਤੇ ਭੂਰਾ ਕੋਹਨਾ ਮੰਡੀਆਂ ਅਲਾਟ ਕੀਤੀਆਂ ਗਈਆਂ ਸਨ। ਉਨ੍ਹਾਂ ਨੂੰ ਮੈਨੇਜਰ ਅਮਰਦੀਪ ਸਿੰਘ ਨੇ ਮੰਡੀਆਂ ਲਈ ਬਾਰਦਾਨਾ ਜਾਰੀ ਕਰਨ ਤੋਂ ਰੋਕਿਆ ਸੀ ਪਰ ਇੰਸਪੈਕਟਰ ਨੇ ਬਾਰਦਾਨਾ ਮੰਡੀਆਂ ਵਿਚ ਭੇਜ ਦਿੱਤਾ। ਮੈਨੇਜਰ ਨੇ ਇਸ ਦੀ ਸ਼ਿਕਾਇਤ ਜ਼ਿਲ੍ਹਾ ਮੈਨੇਜਰ ਗੁਰਬਿੰਦਰ ਕੌਰ ਤੇ ਚੰਡੀਗੜ੍ਹ ਮੁੱਖ ਦਫ਼ਤਰ ਨੂੰ ਕੀਤੀ। ਇਸ ’ਤੇ ਪਹਿਲਾਂ ਇੰਸਪੈਕਟਰ ਸੁਖਵਿੰਦਰ ਸਿੰਘ ਦੀ ਬਦਲੀ ਬਿਨਾਂ ਪੱਖ ਸੁਣੇ ਅੰਮ੍ਰਿਤਸਰ ਕਰ ਦਿੱਤੀ ਗਈ, ਬਾਅਦ ਵਿਚ ਉਸੇ ਸ਼ਾਮ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ।
ਇੰਸਪੈਕਟਰ ਸੁਖਵਿੰਦਰ ਨੇ ਦੱਸਿਆ ਕਿ ਮੈਨੇਜਰ ਅਮਰਦੀਪ ਸਿੰਘ ਵੱਲੋਂ ਭਿੱਖੀਵਿੰਡ ਦੇ 16 ਨੰਬਰ ਗੋਦਾਮ ਵਿਚ 2017-18 ਦੀ ਕਣਕ ਦੇ 385 ਤੋੜੇ ਕਣਕ ਰੱਖੀ ਹੋਈ ਹੈ ਜਦੋਂਕਿ ਰਿਕਾਰਡ ਵਿਚ 2017-18 ਦੀ ਕਣਕ ਦੀ ਕੋਈ ਬੋਰੀ ਜਾਂ ਤੋੜਾ ਗੋਦਾਮ ਵੀ ਨਹੀਂ। ਇਹ ਕਣਕ 2020-21 ਦੇ ਨਵੇਂ ਬਾਰਦਾਨੇ ਵਿਚ ਪਾ ਕੇ ਰੱਖੀ ਹੋਈ ਹੈ। ਵੇਅਰਹਾਊਸ ਦੇ ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਨਵੇਂ ਸੀਜ਼ਨ ਇੱਕ ਵੀ ਬੋਰੀ ਗੋਦਾਮ ’ਚ ਨਹੀਂ ਉਤਾਰੀ ਗਈ ਇਹ ਪੁਰਾਣੀ ਕਣਕ ਹੈ।
ਵੇਅਰਹਾਊਸ ਵਿਜੀਲੈਂਸ ਵਿਭਾਗ ਚੰਡੀਗੜ੍ਹ ਤੋਂ ਅਸ਼ੋਕ ਕੁਮਾਰ ਤੇ ਕ੍ਰਿਸ਼ਨ ਕੁਮਾਰ ਦੀ ਅਗਵਾਈ ’ਚ ਆਈ ਟੀਮ ਨੇ ਗੋਦਾਮ ਦੀ ਜਾਂਚ ਕੀਤੀ। ਅਸ਼ੋਕ ਕੁਮਾਰ ਨੇ ਕਿਹਾ ਕਿ ਗੋਦਾਮ ’ਚ ਪਈ ਕਣਕ ਦੀ ਜਾਂਚ ਕਰਵਾਈ ਜਾਵੇਗੀ।
ਇਸ ਬਾਰੇ ਐੱਸਡੀਐਮ ਪੱਟੀ ਰਾਜੇਸ਼ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।