ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 28 ਨਵੰਬਰ
ਪੰਜਾਬੀ ਟ੍ਰਿਬਿਊਨ ਵੱਲੋਂ ਇਤਿਹਾਸਕ ਨਗਰ ਗੋਇੰਦਵਾਲ ਸਾਹਿਬ ਦੇ ਐਲੀਮੈਂਟਰੀ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਦੇ ਮਾਮਲੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰਨ ਤੋਂ ਬਾਅਦ ਕੁੰਭਕਰਨੀ ਨੀਂਦ ਤੋਂ ਜਾਗੇ ਸਿੱਖਿਆ ਵਿਭਾਗ ਨੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਧੂਰੀ ਦੇ ਹੁਕਮਾਂ ’ਤੇ ਭਾਵੇਂ ਸਕੂਲ ਨੂੰ ਦੋ ਆਰਜ਼ੀ ਅਧਿਆਪਕ ਦੇ ਦਿੱਤੇ ਗਏ ਹਨ ਪਰ ਅਧਿਆਪਕਾਂ ਦੀ ਘਾਟ ਲਈ ਮਾਪਿਆਂ ’ਚ ਅਜੇ ਵੀ ਰੋਸ ਦਿਖਾਈ ਦੇ ਰਿਹਾ ਹੈ। ਮਾਪਿਆਂ ਨੇ ਆਖਿਆ ਕਿ ਸਿੱਖਿਆ ਵਿਭਾਗ ਵੱਲੋਂ ਆਰਜ਼ੀ ਅਧਿਆਪਕਾਂ ਦੀ ਨਿਯੁਕਤੀ ਨਾਲ ਮਾਪਿਆਂ ਦੀਆਂ ਅੱਖਾਂ ਪੂੰਝਣ ਦੀ ਕੋਸ਼ਿਸ਼ ਕੀਤੀ ਗਈ ਹੈ, ਉੱਥੇ ਹੀ ਇੱਥੇ ਪੁੱਜੇ ਬਲਾਕ ਸਿੱਖਿਆ ਅਫ਼ਸਰ ਦਿਲਬਾਗ ਸਿੰਘ ਵੀ ਨਗਰ ਦੇ ਮੋਹਤਬਰਾਂ ਨੂੰ ਸਮਝਾਉਣ ਤੋਂ ਅਸਮਰੱਥ ਦਿਖਾਈ ਦਿੱਤੇ। ਸਕੂਲ ਪੁੱਜੇ ਮਾਪਿਆਂ ਗੁਰਸਾਹਿਬ ਸਿੰਘ, ਮਲਕੀਤ ਕੌਰ, ਜਸਪ੍ਰੀਤ ਕੌਰ, ਬਲਵਿੰਦਰ ਸਿੰਘ ਤੇ ਪਰਮਜੀਤ ਸਿੰਘ ਆਦਿ ਨੇ ਆਖਿਆ ਕਿ ਸਿੱਖਿਆ ਵਿਭਾਗ ਆਪਣੀ ਨਲਾਇਕੀ ਛਿਪਾਉਣ ਲਈ 450 ਬੱਚਿਆਂ ਨੂੰ ਪੜ੍ਹਾਉਣ ਲਈ ਸਿਰਫ਼ ਦੋ ਅਧਿਆਪਕ ਹੋਰ ਤਾਇਨਾਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਸਿੱਖਿਆ ਵਿਭਾਗ ਨੇ ਸਕੂਲ ਵਿੱਚ ਖਾਲੀ ਅਸਾਮੀਆਂ ਭਰਨ ਲਈ ਆਨਾ-ਕਾਨੀ ਕੀਤੀ ਤਾਂ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਆਉਣ ਵਾਲੇ ਸਮੇਂ ਵਿੱਚ ਬਲਾਕ ਸਿੱਖਿਆ ਅਫ਼ਸਰ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
ਸਮੱਸਿਆ ਦਾ ਹੱਲ ਕਰਾਂਗੇ: ਬੀਈਓ
ਬਲਾਕ ਸਿੱਖਿਆ ਅਫ਼ਸਰ ਦਿਲਬਾਗ ਸਿੰਘ ਨੇ ਆਖਿਆ ਕਿ ਅਧਿਆਪਕਾਂ ਦੀ ਘਾਟ ਦਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ। ਜਲਦੀ ਹੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।