ਪੱਤਰ ਪ੍ਰੇਰਕ
ਪਠਾਨਕੋਟ, 26 ਅਗਸਤ
ਸੁਜਾਨਪੁਰ ਦੀ ਪੁਲੀਸ ਨੇ ਪਰਸ ਝਪਟਣ ਦੇ ਦੋਸ਼ ਹੇਠ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਨੌਜਵਾਨਾਂ ਵਿੱਚ ਤਾਰਾਗੜ੍ਹ ਦੇ ਬਲੌਰ ਵਾਸੀ ਰੌਬਿਨ ਸੈਣੀ ਅਤੇ ਦੀਨਾਨਗਰ ਦੇ ਸਿੰਘੋਵਾਲ ਵਾਸੀ ਜਗਵਿੰਦਰ ਪਾਲ ਉਰਫ ਬਾਗਾ ਸ਼ਾਮਲ ਹਨ। ਇਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 379-ਬੀ, 34 ਤਹਿਤ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸੁਜਾਨਪੁਰ ਦੇ ਮੁਖੀ ਤੇਜਿੰਦਰ ਸਿੰਘ ਨੇ ਦੱਸਿਆ ਕਿ ਸੌਲੀ-ਭੋਲੀ ਦੀ ਰਹਿਣ ਵਾਲੀ ਔਰਤ ਰਮਾ ਦੇਵੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਜਦੋਂ ਉਹ ਬੀਡੀਓ ਦਫਤਰ ਸੁਜਾਨਪੁਰ ਕੋਲ ਪੁੱਜੀ ਤਾਂ ਪੁਲ ਨੰਬਰ-10 ’ਤੇ ਕਾਲੇ ਰੰਗ ਦੇ ਪਲਸਰ ਮੋਟਰਸਾਈਕਲ ’ਤੇ 2 ਨੌਜਵਾਨ ਆਏ ਅਤੇ ਪਿੱਛੇ ਬੈਠੇ ਨੌਜਵਾਨ ਨੇ ਝਪਟ ਮਾਰ ਕੇ ਉਸ ਦਾ ਪਰਸ ਖੋਹ ਲਿਆ। ਉਸ ਦੇ ਪਰਸ ਵਿੱਚ ਮੋਬਾਈਲ ਅਤੇ ਜ਼ਰੂਰੀ ਕਾਗਜ਼ਾਤ ਸਨ।