ਜਸਬੀਰ ਸਿੰਘ ਚਾਨਾ
ਫਗਵਾੜਾ, 11 ਨਵੰਬਰ
ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਅਗਲੇ ਇੱਕ ਸਾਲ ਅੰਦਰ ਪਿੰਡਾਂ ਦੀ ਨੁਹਾਰ ਬਦਲ ਦਿੱਤੀ ਜਾਵੇਗੀ ਜਿਸ ਤਹਿਤ ਪਿੰਡਾਂ ਅੰਦਰ ਪੀਣ ਵਾਲੇ ਪਾਣੀ, ਸੀਵਰੇਜ, ਸਟਰੀਟ ਲਾਈਟਾਂ ਤੇ ਕੰਕਰੀਟ ਦੀਆਂ ਗਲੀਆਂ ਬਣਾਉਣ ਲਈ ‘ਸਮਾਰਟ ਵਿਲੇਜ਼’ ਦੀ ਸ਼ੁਰੂਆਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਅਗਲੇ ਇੱਕ ਸਾਲ ਦੇ ਅੰਦਰ-ਅੰਦਰ ਬੁਨਿਆਦੀ ਸਹੂਲਤਾਂ ਦੇ ਨਾਲ-ਨਾਲ ਹਰ ਬਲਾਕ ਅੰਦਰ 5-5 ਖੇਡ ਸਟੇਡੀਅਮ ਵਿਕਸਤ ਕਰਨ ਦੀ ਪ੍ਰਕ੍ਰਿਆ ਵੀ ਸ਼ੁਰੂ ਹੋ ਗਈ ਹੈ।
ਵਿਧਾਇਕ ਵਲੋਂ ਅੱਜ ਪਿੰਡ ਹਰਬੰਸਪੁਰ ਵਿਖੇ ਲੋਕਾਂ ਵਲੋਂ ਪਾਣੀ ਦੀ ਨਿਕਾਸੀ ਦੀ ਮੰਗ ਨੂੰ ਪੂਰਾ ਕਰਨ ਲਈ ਜ਼ਮੀਨਦੋਜ਼ ਪਾਇਪਾਂ ਪਾਉਣ ਦੇ ਕੰਮ ਦੀ ਸ਼ੁਰੂਆਤ ਲਈ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਿੰਡਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿਖੇ 18 ਲੱਖ ਰੁਪਏ ਦੀ ਲਾਗਤ ਨਾਲ ਜ਼ਮੀਨਦੋਜ਼ ਪਾਇਪਾਂ ਪਾ ਕੇ ਪਾਣੀ ਦੀ ਨਿਕਾਸੀ ਕੀਤੀ ਜਾਵੇਗੀ।ਇਸ ਮੌਕੇ ਬੀ.ਡੀ.ਪੀ.ਓ. ਸੁਖਦੇਵ ਸਿੰਘ, ਗੁਰਦਿਆਲ ਸਿੰਘ ਭੁੱਲਾਰਾਈ, ਮੀਨਾ ਰਾਣੀ ਜਿਲਾ ਪ੍ਰੀਸ਼ਦ ਮੈਂਬਰ, ਦਵਿੰਦਰ ਕੌਰ ਬਲਾਕ ਸੰਮਤੀ ਮੈਂਬਰ, ਸ਼ਿਵ ਕੁਮਾਰ ਜੇ.ਈ, ਬੂਟਾ ਸਿੰਘ, ਮਹਿੰਦਰ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ, ਗੁਰਮੀਤ ਸਿੰਘ, ਹਰਨੇਕ ਸਿੰਘ, ਬਲਬੀਰ ਸਿੰਘ, ਪਰਮਜੀਤ ਸਿੰਘ, ਅਜੈਬ ਸਿੰਘ ਤੇ ਨਿਰਮਲ ਸਿੰਘ ਵੀ ਹਾਜ਼ਰ ਸਨ।
ਸਰਕਾਰ ਨੇ ਪਿੰਡਾਂ ਨੂੰ ਗੰਦੇ ਪਾਣੀ ਤੋਂ ਨਿਜਾਤ ਦਿਵਾਈ: ਬਾਜਵਾ
ਬਟਾਲਾ (ਦਲਬੀਰ ਸੱਖੋਵਾਲੀਆ): ਜ਼ਿਲ੍ਹਾ ਪਰਿਸ਼ਦ ਗੁਰਦਾਸਪੁਰ ਦੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਮਾਰਟ ਵਿਲੇਜ ਕੰਪੇਨ ਪਿੰਡਾਂ ਦੀ ਨੁਹਾਰ ਬਦਲ ਰਹੀ ਹੈ ਅਤੇ ਇਸ ਮੁਹਿੰਮ ਤਹਿਤ ਪਿੰਡਾਂ ਦਾ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦਾ ਟੀਚਾ ਪਿੰਡਾਂ ਨੂੰ ਸ਼ਹਿਰੀ ਤਰਜ਼ ‘ਤੇ ਸਹੂਲਤਾਂ ਮੁਹੱਈਆ ਕਰਾਉਣ ਦਾ ਹੈ ਅਤੇ ਰਾਜ ਸਰਕਾਰ ਵਲੋਂ ਯੋਜਨਾਬੱਧ ਠੰਗ ਨਾਲ ਪਿੰਡਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ।ਚੇਅਰਮੈਨ ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਮਾਰਟ ਵਿਲੇਜ ਕੰਪੇਨ ਤਹਿਤ ਪਿੰਡਾਂ ਵਿੱਚ ਗਲੀਆਂ, ਨਾਲੀਆਂ, ਪਾਰਕਾਂ, ਇੰਟਰਲਾਕ ਵਾਲੀਆਂ ਸੜਕਾਂ , ਸਟਰੀਟ ਲਾਈਟਾਂ, ਖੇਡ ਮੈਦਾਨ, ਥਾਪਰ ਮਾਡਲ ਤਹਿਤ ਛੱਪੜਾਂ ਦਾ ਨਵੀਨੀਕਰਨ, ਪੰਚਾਇਤ ਘਰਾਂ ਦੀ ਉਸਾਰੀ ਆਦਿ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਰਾਜ ਸਰਕਾਰ ਵਲੋਂ ਇਸ ਸਕੀਮ ਤਹਿਤ ਪੰਚਾਇਤਾਂ ਨੂੰ ਖੁੱਲੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਾ ਰਹੇ। ਚੇਅਰਮੈਨ ਰਵੀਨੰਦਨ ਬਾਜਵਾ ਨੇ ਕਿਹਾ ਕਿ ਪਿੰਡਾਂ ਵਿੱਚ ਸਭ ਤੋਂ ਵੱਡੀ ਸਮੱਸਿਆ ਗੰਦੇ ਪਾਣੀ ਦੀ ਨਿਕਾਸੀ ਦੀ ਸੀ, ਜਿਸ ਨੂੰ ਰਾਜ ਸਰਕਾਰ ਨੇ ਬਹੁਤ ਵਧੀਆ ਢੰਗ ਨਾਲ ਹੱਲ ਕੀਤਾ ਹੈ।