ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 21 ਨਵੰਬਰ
ਪੰਜਾਬ ਦੇ ਮੈਡੀਕਲ ਸਿੱਖਿਆ ਮੰਤਰੀ ਡਾਕਟਰ ਰਾਜ ਕੁਮਾਰ ਵੱਲੋਂ ਗੋਇੰਦਵਾਲ ਸਾਹਿਬ ਵਿਖੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵਿੱਚ ਸਥਿਤ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਲਈ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਹੋਸਟਲ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਯੂਨੀਵਰਸਿਟੀ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਅਤੇ ਹੋਰ ਅਧਿਕਾਰੀ ਮੌਜੂਦ ਸਨ। ਇਸ ਮੌਕੇ ਮੰਤਰੀ ਵੇਰਕਾ ਨੇ ਦੱਸਿਆ ਕਿ ਗੋਇੰਦਵਾਲ ਸਾਹਿਬ ਸੈਂਟਰ ਵਿੱਚ 15 ਕਰੋੜ ਰੁਪਏ ਦੀ ਰਾਸ਼ੀ ਨਾਲ ਹਸਪਤਾਲ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਜਲਦੀ ਪੈਸੇ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਸੂਬੇ ਅੰਦਰ ਨਵੇਂ ਚਾਰ ਮੈਡੀਕਲ ਕੈਂਪ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਗਰੀਬ ਘਰਾਂ ਦੇ ਜੋ ਵਿਦਿਆਰਥੀ ਮੈਡੀਕਲ ਸਿੱਖਿਆ ਹਾਸਲ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਸਰਕਾਰੀ ਕਾਲਜਾਂ ਵਿੱਚ ਸਸਤੀ ਮੈਡੀਕਲ ਸਿੱਖਿਆ ਦੇਣ ਦੇ ਨਾਲ-ਨਾਲ ਸਰਕਾਰ ਵੱਲੋਂ ਵਜ਼ੀਫੇ ਵੀ ਦਿੱਤੇ ਜਾਂਦੇ ਹਨ।
ਵੇਰਕਾ ਵੱਲੋਂ ਕਾਨਫਰੰਸ ਦਾ ਉਦਘਾਟਨ
ਅੰਮ੍ਰਿਤਸਰ (ਪੱਤਰ ਪ੍ਰੇਰਕ): ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਰਾਜ ਕੁਮਾਰ ਵੇਰਕਾ ਨੇ ਪੰਜਾਬ ਆਰਥੋਪੇਡਿਕਸ ਐਸੋਸੀਏਸ਼ਨ ਵੱਲੋਂ ਹੱਡੀਆਂ ਦੇ ਰੋਗਾਂ ਬਾਰੇ ਕਰਵਾਈ ਗਈ ਕਾਨਫਰੰਸ ਦਾ ਉਦਘਾਟਨ ਕਰਨ ਮੌਕੇ ਅੰਮ੍ਰਿਤਸਰ ਮੈਡੀਕਲ ਕਾਲਜ ਵੱਲੋਂ ਸਿਹਤ ਸੇਵਾਵਾਂ ਵਿੱਚ ਪਾਏ ਯੋਗਦਾਨ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਇਸ ਵੱਲੋਂ ਪੈਦਾ ਕੀਤੇ ਡਾਕਟਰਾਂ ਨੇ ਵਿਸ਼ਵ ਭਰ ਵਿਚ ਆਪਣਾ ਲੋਹਾ ਮਨਵਾਇਆ ਹੈ ਅਤੇ ਇਨ੍ਹਾਂ ਦੇ ਕੰਮ ਦੁਨੀਆਂ ਲਈ ਰਾਹ-ਦਸੇਰਾ ਬਣੇ ਹਨ। ਉਨ੍ਹਾਂ ਕਿਹਾ ਕਿ ਕਾਨਫਰੰਸ ਵਿਚ ਡਾਕਟਰਾਂ ਵੱਲੋਂ ਜੋ ਵੀ ਖੋਜ ਤੇ ਸੁਝਾਅ ਮਿਲਦੇ ਹਨ, ਉਹ ਆਉਣ ਵਾਲੀ ਖੋਜ ਨੂੰ ਅੱਗੇ ਤੋਰਨਗੇ, ਜਿਸ ਨਾਲ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵੱਡੀ ਤਬਦੀਲੀ ਆ ਸਕਦੀ ਹੈ।