ਦਲਬੀਰ ਸਿੰਘ ਸੱਖੋਵਾਲੀਆ/ਹਰਜੀਤ ਸਿੰਘ ਪਰਮਾਰ
ਬਟਾਲਾ, 30 ਸਤੰਬਰ
ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿਚ ਸੋਮਵਾਰ ਬਾਅਦ ਦੁਪਹਿਰ ਬਟਾਲਾ-ਕਾਦੀਆਂ ਰੋਡ ਉਤੇ ਇਕ ਤੇਜ਼ ਰਫ਼ਤਾਰ ਬੱਸ ਦੇ ਬੇਕਾਬੂ ਹੋ ਕੇ ਪਿੰਡ ਸ਼ਾਹਬਾਦ ਦੇ ਬੱਸ ਸਟਾਪ ਵਿਚ ਜਾ ਵੱਜਣ ਕਾਰਨ ਵਾਪਰੇ ਭਿਆਨਕ ਹਾਦਸੇ ਵਿਚ ਇਕ ਬੱਚੇ ਤੇ ਇਕ ਔਰਤ ਸਣੇ ਘੱਟੋ-ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਇਕ ਹੋਰ ਔਰਤ ਦੇ ਵੀ ਮਾਰੇ ਜਾਣ ਦਾ ਖ਼ਦਸ਼ਾ ਹੈ। ਹਾਦਸੇ ਵਿਚ ਡੇਢ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ ਕਰੀਬ ਅੱਧੀ ਦਰਜਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਹਾਦਸੇ ਵਿਚ ਇਕ ਔਰਤ ਦਾ ਸਿਰ ਧੜ ਤੋਂ ਵੱਖ ਹੋ ਗਿਆ। ਖ਼ਬਰ ਲਿਖੇ ਜਾਣ ਤੱਕ ਉਸ ਦੀ ਪਛਾਣ ਨਹੀਂ ਸੀ ਹੋ ਸਕੀ। ਮਾਰੇ ਗਏ ਬੱਚੇ ਦੀ ਪਛਾਣ ਅਭਿਜੋਤ ਸਿੰਘ (ਉਮਰ 13 ਸਾਲ) ਪੁੱਤਰ ਭੁਪਿੰਦਰ ਸਿੰਘ, ਪਿੰਡ ਸੰਗਤਪੁਰਾ ਵਜੋਂ ਹੋਈ ਹੈ, ਜਦੋਂਕਿ ਤੀਜੇ ਵਿਅਕਤੀ ਦੀ ਸ਼ਨਾਖ਼ਤ ਕਾਲੂ (26), ਪਿੰਡ ਤਲਵੰਡੀ ਖੁੱਬਣ ਵਜੋਂ ਹੋਈ, ਜੋ ਆਪਣੀ ਪਤਨੀ ਜੋਤੀ ਸਮੇਤ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਆਪਣੇ ਸਹੁਰੇ ਪਿੰਡ ਜਾ ਰਿਹਾ ਹੈ।
ਹਾਦਸੇ ਦੇ ਛੇ ਜ਼ਖ਼ਮੀ ਬਟਾਲਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਹਨ, ਜਦੋਂਕਿ ਕਰੀਬ ਛੇ ਨੂੰ ਹੀ ਅੰਮ੍ਰਿਤਸਰ ਰੈਫ਼ਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨਿਜੀ ਕੰਪਨੀ ਦੀ ਇਹ ਬੱਸ ਬਟਾਲਾ ਤੋਂ ਐੱਸਏਐੱਸ ਨਗਰ (ਮੁਹਾਲੀ) ਜਾ ਰਹੀ ਸੀ। ਚਸ਼ਮਦੀਦਾਂ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਸਟਾਪ ਦਾ ਲੈਂਟਰ ਹੀ ਬੱਸ ਦੇ ਅੰਦਰ ਧਸ ਗਿਆ।