ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 2 ਨਵੰਬਰ
ਦੀਨਾਨਗਰ ਪੁਲੀਸ ਸਟੇਸ਼ਨ ਅੰਦਰ ਤਾਇਨਾਤ ਸਹਾਇਕ ਸਬ ਇੰਸਪੈਕਟਰ ਵੱਲੋਂ ਇੱਕ ਔਰਤ ਕੋਲੋਂ 5 ਹਜ਼ਾਰ ਰੁਪਏ ਰਿਸ਼ਵਤ ਲੈਣ ਦਾ ਵੀਡੀਓ ਵਾਇਰਲ ਹੋਣ ਮਗਰੋਂ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਅੱਜ ਬੁੱਧਵਾਰ ਸਵੇਰੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਇਆ ਜੋ ਦੀਨਾਨਗਰ ਪੁਲੀਸ ਸਟੇਸ਼ਨ ਦਾ ਹੈ। ਇਸ ਵੀਡੀਓ ਵਿੱਚ ਇਸ ਥਾਣੇ ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਰਾਜੇਸ਼ ਕੁਮਾਰ ਇੱਕ ਔਰਤ ਕੋਲੋਂ ਉਸ ਦੇ ਕੇਸ ਸਬੰਧੀ ਮਦਦ ਦੇ ਨਾਂ ’ਤੇ ਦਸ ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ। ਔਰਤ ਵੱਲੋਂ ਉਸ ਨੂੰ ਪੰਜ ਹਜ਼ਾਰ ਰੁਪਏ ਦਿੱਤੇ ਗਏ ਜਿਸ ਦੀ ਵੀਡੀਓ ਇਸ ਔਰਤ ਦੇ ਨਾਲ ਆਏ ਵਿਅਕਤੀ ਵੱਲੋਂ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਗਈ। ਮਾਮਲਾ ਧਿਆਨ ਵਿੱਚ ਆਉਣ ’ਤੇ ਐੱਸਐੱਸਪੀ ਗੁਰਦਾਸਪੁਰ ਦੀਪਕ ਹਿਲੋਰੀ ਦੇ ਹੁਕਮਾਂ ਤੇ ਪੁਲੀਸ ਸਟੇਸ਼ਨ ਸਿਟੀ, ਗੁਰਦਾਸਪੁਰ ਅੰਦਰ ਰਾਜੇਸ਼ ਕੁਮਾਰ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਰਿਸ਼ਵਤ ਵਿਰੁੱਧ ਸੈਮੀਨਾਰ
ਫਿਲੌਰ (ਪੱਤਰ ਪ੍ਰੇਰਕ) ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਵਿਜੀਲੈਂਸ ਬਿਉਰੋਂ ‘ਭ੍ਰਿਸ਼ਟਾਚਾਰ ਮੁਕਤ ਭਾਰਤ-ਵਿਕਸਤ ਭਾਰਤ’ ਥੀਮ ਤਹਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਥੇ ਡੀਏਵੀ ਪਬਲਿਕ ਸਕੂਲ ਵਿੱਚ ਕਰਵਾਏ ਸੈਮੀਨਾਰ ਦੌਰਾਨ ਸਕੂਲ ਦੇ ਪ੍ਰਿੰਸੀਪਲ ਯੋਗੇਸ਼ ਗੰਭੀਰ ਦੀ ਅਗਵਾਈ ਹੇਠ ਵਿਸ਼ੇਸ਼ ਮਹਿਮਾਨ ਦੌ ਤੌਰ ’ਤੇ ਤਹਿਸੀਲਦਾਰ ਬਲਜਿੰਦਰ ਸਿੰਘ, ਡੀਐੱਸਪੀ ਫਿਲੌਰ ਜਤਿੰਦਰ ਸਿੰਘ ਨੇ ਵਿਭਾਗ ਦੀ ਕਾਰਜਸ਼ੈਲੀ ਤੋਂ ਜਾਣੂ ਕਰਵਾਇਆ। ਅਧਿਕਾਰੀਆਂ ਨੇ ਲੋਕਾਂ ਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕਿਹਾ ਕਿ ਉਹ ਜਿੱਥੇ ਕਿਤੇ ਵੀ ਰਿਸ਼ਵਤ ਜਾਂ ਸਰਕਾਰੀ ਕੰਮ ਵਿੱਚ ਘਪਲੇਬਾਜ਼ੀ ਹੋ ਰਹੀ ਹੈ, ਉਸ ਨੂੰ ਰੋਕਣ ਲਈ ਅੱਗੇ ਆਉਣ।