ਬੇਅੰਤ ਸਿੰਘ ਸੰਧੂ
ਪੱਟੀ, 16 ਮਾਰਚ
ਬੀਤੇ ਕੱਲ ਪਿੰਡ ਕੈਰੋਂ ਨੇੜੇ ਮੋਟਰਸਾਈਕਲ ਤੇ ਕਾਰ ਵਿਚਾਲੇ ਹੋਏ ਸੜਕ ਹਾਦਸੇ ’ਚ ਮੋਟਸਾਈਕਲ ਸਵਾਰ ਦੋ ਸਕੇ ਭਰਾਵਾਂ ਵਿੱਚੋਂ ਇੱਕ ਨੌਜਵਾਨ ਦੀ ਮੌਤ ਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ ਸੀ ਪਰ ਪੁਲੀਸ ਵੱਲੋਂ ਅਣਪਛਾਤੇ ਵਾਹਨ ਖ਼ਿਲਾਫ਼ ਪਰਚਾ ਦਰਜ ਨਹੀਂ ਕੀਤਾ ਗਿਆ ਤੇ ਨਾ ਹੀ ਵਾਹਨ ਦੀ ਭਾਲ ਕੀਤੀ ਜਾ ਰਹੀ ਹੈ। ਇਸ ਢਿੱਲੀ ਕਾਰਵਾਈ ਖ਼ਿਲਾਫ਼ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਤਰਨ ਤਾਰਨ ਪੱਟੀ ਸੜਕੀ ਮਾਰਗ ਨੂੰ ਬੰਦ ਕਰ ਕੇ ਸਥਾਨਕ ਪੁਲੀਸ ਖ਼ਿਲਾਫ਼ ਰੋਸ ਮੁਜ਼ਹਾਰਾ ਕਰਦਿਆਂ ਰੋਸ ਧਰਨਾ ਦਿੱਤਾ ਗਿਆ। ਇਸ ਸੜਕੀ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨਾਂ ਦੇ ਪਿਤਾ ਸਤਨਾਮ ਸਿੰਘ ਦੱਸਿਆ ਕਿ ਇਸ ਹਾਦਸੇ ਅੰਦਰ ਉਸ ਦੇ ਇੱਕ ਲੜਕੇ ਗੁਰਜੰਟ ਸਿੰਘ ਦੀ ਮੌਤ ਹੋਈ ਹੈ ਅਤੇ ਦੂਜਾ ਲੜਕਾ ਸਾਜਨ ਸਿੰਘ ਗੰਭੀਰ ਜ਼ਖ਼ਮੀ ਹੈ, ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਹੈ। ਰੋਸ ਧਰਨਾ ਦਿੰਦਿਆਂ ਪੀੜਤ ਪਰਿਵਾਰ ਦੇ ਮੈਂਬਰਾਂ ਸਮੇਤ ਪਿੰਡ ਵਾਸੀਆਂ ਨੇ ਪੁਲੀਸ ਦੇ ਉੱਚ ਅਫ਼ਸਰਾਂ ਤੋਂ ਮੰਗ ਕੀਤੀ ਕਿ ਹਾਦਸੇ ਦੇ ਸਬੰਧ ਵਿੱਚ ਕਨੂੰਨੀ ਕਾਰਵਾਈ ਕਰਕੇ ਕਾਰ ਸਮੇਤ ਵਾਹਨ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਇਨਸਾਫ਼ ਦਿੱਤਾ ਜਾਵੇ । ਇਸ ਮੌਕੇ ਪਹੁੰਚੇ ਪੁਲੀਸ ਅਧਿਕਾਰੀ ਐੱਸਪੀ ਕੰਵਲਜੀਤ ਸਿੰਘ, ਡੀਐੱਸਪੀ ਇਕਬਾਲ ਸਿੰਘ ਤੇ ਥਾਣਾ ਮੁਖੀ ਸਿਟੀ ਪੱਟੀ ਲਖਬੀਰ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਹਾਦਸਾ ਕਰਨ ਵਾਲੇ ਵਾਹਨ ਦੀ ਸਨਾਖਤ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।