ਪੱਤਰ ਪ੍ਰੇਰਕ
ਚੇਤਨਪੁਰਾ, 8 ਅਗਸਤ
ਇਥੇ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦੋਂ ਪਿੰਡ ਦੇ ਐਸ ਸੀ ਭਾਈਚਾਰੇ ਵੱਲੋਂ ਆਪਣੀ ਬਰਾਦਰੀ ਦਾ ਸ਼ਮਸ਼ਾਨਘਾਟ ਬਣਾਉਣ ਲਈ ਸ਼ੈਡ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਕੁੱਝ ਹੋਰ ਵਿਅਕਤੀਆਂ ਵੱਲੋਂ ਪੁਲੀਸ ਦੀ ਸਹਾਇਤਾ ਨਾਲ ਚੱਲ ਰਿਹਾ ਕੰਮ ਰੋਕ ਦਿੱਤਾ ਗਿਆ ਜਿਸ ਉਪਰੰਤ ਐਸ ਸੀ ਭਾਈਚਾਰੇ ਵੱਲੋਂ ਪੁਲੀਸ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਪੁਲੀਸ ਨੂੰ ਅਲਟੀਮੇਟਮ ਦਿੱਤਾ ਕਿ ਜੇਕਰ ਮਸਲੇ ਨੂੰ ਹੱਲ ਨਾ ਕਰਵਾਇਆ ਗਿਆਂ ਤਾਂ ਸੜਕ ’ਤੇ ਜਾਮ ਲਗਾ ਕੇ ਹੱਕ ਲੈਣ ਲਈ ਸੰਘਰਸ਼ ਕਰਨਗੇ। ਇਸ ਮੌਕੇ ਡੀਐਸਪੀ ਸੁਖਰਾਜ ਸਿੰਘ ਢਿੱਲੋਂ, ਐਸਐਚਓ ਮੋਹਿਤ ਕੁਮਾਰ ਅਜਨਾਲਾ, ਐਸਐਚਓ ਗਗਨਦੀਪ ਸਿੰਘ ਮਜੀਠਾ, ਐਸਆਈ ਕੁਲਦੀਪ ਸਿੰਘ ਥਾਣਾ ਝੰਡੇਰ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਲੈ ਕੇ ਪੁੱਜੇ। ਇਸ ਮੌਕੇ ਦੋਹਾਂ ਧਿਰਾਂ ਅਤੇ ਪੁਲੀਸ ਦਰਮਿਆਨ ਤਕਰਾਰਬਾਜ਼ੀ ਵੀ ਹੋਈ। ਪੁਲੀਸ ਵੱਲੋਂ ਦੋਹਾਂ ਧਿਰਾਂ ਨੂੰ ਸੋਮਵਾਰ ਨੂੰ ਡੀਐਸਪੀ ਅਜਨਾਲਾ ਦੇ ਦਫਤਰ ਸਾਹਮਣੇ ਪੇਸ਼ ਹੋ ਕੇ ਆਪੋ ਆਪਣਾ ਪੱਖ ਰੱਖਣ ਲਈ ਕਿਹਾ। ਇਸ ਮੌਕੇ ਸਰਪੰਚ ਦਲਜੀਤ ਸਿੰਘ, ਬਲਾਕ ਸਮਿਤੀ ਮੈਂਬਰ ਗੁਰਜੀਤ ਸਿੰਘ, ਭੁਪਿੰਦਰ ਸਿੰਘ ਪੰਚ, ਲਖਬੀਰ ਸਿੰਘ, ਬਿੱਟਾ ਸਿੰਘ ਪੰਚ ਮੌਜੂਦ ਸਨ।